ਨਸ਼ਾ ਸਮੱਗਲਰ ਨੇ ਪੁਲਸ ਦੇ ਨਾਂ ’ਤੇ ਔਰਤ ਤੋਂ ਠੱਗੇ 4 ਲੱਖ

Wednesday, Jun 03, 2020 - 01:10 AM (IST)

ਨਸ਼ਾ ਸਮੱਗਲਰ ਨੇ ਪੁਲਸ ਦੇ ਨਾਂ ’ਤੇ ਔਰਤ ਤੋਂ ਠੱਗੇ 4 ਲੱਖ

ਬਠਿੰਡਾ, (ਵਰਮਾ)- ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਜੇਲ ’ਚ ਬੰਦ ਵਿਅਕਤੀ ਦੀ ਪਤਨੀ ਦੁਆਰਾ ਪਤੀ ਨੂੰ ਛੁਡਾਉਣ ਲਈ ਇਕ ਹੋਰ ਨਸ਼ਾ ਸਮੱਗਲਰ ਦੇ ਸੰਪਰਕ ’ਚ ਆਈ ਅਤੇ ਲੱਖਾਂ ਰੁਪਏ ਠੱਗੇ ਗਏ। ਹਾਜੀਰਤਨ ਨਿਵਾਸੀ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਦੀਪ ਨਗਰ ਵਾਸੀ ਪੀਤਾ ਉਸਦੇ ਕੋਲ ਆਇਆ ਅਤੇ ਉਸਨੇ ਕਿਹਾ ਕਿ ਉਹ ਉਸਦੇ ਪਤੀ ਨੂੰ ਜੇਲ ’ਚੋਂ ਬਾਹਰ ਕੱਢਵਾ ਦੇਵੇਗਾ ਜਿਸ ਲਈ ਪੈਸੇ ਖਰਚ ਕਰਨੇ ਪੈਣਗੇ। ਪਹਿਲਾਂ ਤਾਂ ਔਰਤ ਉਸਦੇ ਝਾਂਸੇ ’ਚ ਨਹੀਂ ਆਈ ਪਰ ਉਸ ਦੇ ਵਾਰ-ਵਾਰ ਸੰਪਰਕ ਕਰਨ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਸੀ. ਆਈ. ਏ-2 ਪੁਲਸ ਨੂੰ ਪੈਸੇ ਦੇਣੇ ਪੈਣਗੇ, ਕਿਉਂਕਿ ਮਾਮਲਾ ਉਨ੍ਹਾਂ ਦੇ ਕੋਲ ਹੈ ਅਤੇ ਜੇਲ ਤੋਂ ਬਾਹਰ ਵੀ ਉਹੀ ਕੱਢਣਗੇ। ਪਤੀ ਲਈ ਔਰਤ ਨੇ ਆਪਣੇ ਗਹਿਣੇ ਵੇਚੇ ਅਤੇ ਉਧਾਰੀ ਲਈ ਅਤੇ 4 ਲੱਖ ਰੁਪਏ ਇਕੱਠੇ ਕਰ ਕੇ ਪੀਤਾ ਨੂੰ ਆਪਣੀ ਪਤੀ ਦੀ ਰਿਹਾਈ ਲਈ ਪੈਸੇ ਦੇ ਦਿੱਤੇ। ਤਿੰਨ ਮਹੀਨੇ ਲੰਘਣ ਦੇ ਬਾਵਜੂਦ ਵੀ ਜਦੋਂ ਪਤੀ ਬਾਹਰ ਨਹੀਂ ਆਇਆ ਤਾਂ ਉਕਤ ਔਰਤ ਨੇ ਮੁਲਜ਼ਮ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਹ ਟਾਲ-ਮਟੋਲ ਕਰਨ ਲੱਗਾ। ਆਖਿਰ ਔਰਤ ਨੇ ਇਨਸਾਫ ਲਈ ਡੀ. ਐੱਸ. ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਨੂੰ ਸ਼ਿਕਾਇਤ ਪੱਤਰ ਦੇ ਕੇ ਸਾਰੀ ਗੱਲ ਦੱਸੀ। ਔਰਤ ਦਾ ਪਤੀ ਨਿਰੰਜਨ ਕਾਕਾ ਜੋ ਨੰਬਰ 2019 ’ਚ 77 ਸ਼ੀਸ਼ੀਆਂ ਨਸ਼ੇ ਨਾਲ ਫੜਿਆ ਗਿਆ ਸੀ ਉਦੋਂ ਤੋਂ ਜੇਲ ’ਚ ਬੰਦ ਹੈ। ਪੁਲਸ ਕੋਲ ਮਾਮਲਾ ਆਉਣ ਤੋਂ ਬਾਅਦ ਕਾਂਗਰਸ ਨਾਲ ਜੁੜੇ ਇਕ ਸਾਬਕਾ ਕੌਂਸਲਰ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਇਥੋਂ ਤੱਕ ਕਿ ਔਰਤ ’ਤੇ ਵੀ ਦਬਾਅ ਬਣਾਇਆ। ਜਾਣਕਾਰੀ ਅਨੁਸਾਰ ਉਕਤ ਦੋਸ਼ੀ ਨੇ 4 ਲੱਖ ’ਚੋਂ 2.80 ਲੱਖ ਲੈਣ ਉਕਤ ਆਗੂ ਕੋਲ ਮੰਨਿਆ ਸੀ।

ਜਾਂਚ ’ਚ ਮੁਲਜ਼ਮ ਪਾਏ ਜਾਣ ’ਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.

ਇਸ ਸਬੰਧ ’ਚ ਡੀ. ਐੱਸ. ਪੀ. ਰੋਮਾਣਾ ਨੇ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ। ਮੁਲਜ਼ਮ ਪਾਏ ਜਾਣ ’ਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਨਾਲ ਨਸ਼ਾ ਸਮੱਗਲਰਾਂ ਦੀ ਮਿਲੀਭੁਗਤ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਉਕਤ ਮੁਲਜ਼ਮ ਨੇ ਪੁਲਸ ਨਾਲ ਮਿਲੀਭੁਗਤ ਦੀ ਗੱਲ ਵੀ ਔਰਤ ਨਾਲ ਕੀਤੀ ਸੀ। ਦੂਜੇ ਪਾਸੇ ਸੀ. ਆਈ. ਏ.-2 ਦੇ ਪ੍ਰਮੁੱਖ ਤਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਡੀ. ਐੱਸ. ਪੀ. ਦੇ ਧਿਆਨ ’ਚ ਹੈ ਅਤੇ ਕਾਰਵਾਈ ਉਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਨਾਮ ’ਤੇ ਪੈਸੇ ਦੀ ਵਸੂਲੀ ਹੋਈ ਤਾਂ ਉਸ ਵਿਅਕਤੀ ’ਤੇ ਕਾਨੂੰਨੀ ਕਾਰਵਾਈ ਜ਼ਰੂਰੀ ਹੋਵੇਗੀ।


author

Bharat Thapa

Content Editor

Related News