14,000 ਨਸ਼ੀਲੀਆਂ ਗੋਲੀਆਂ ਤੇ ਜ਼ਹਿਰੀਲੇ ਘੋਲ ਸਮੇਤ ਅਕਾਲੀ ਆਗੂ ਗ੍ਰਿਫਤਾਰ

11/25/2020 11:42:47 PM

ਮੌੜ ਮੰਡੀ,(ਪ੍ਰਵੀਨ)-ਐੱਸ. ਐੱਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਮੌੜ ਦੀ ਪੁਲਸ ਨੇ ਉਸ ਵਕਤ ਵੱਡੀ ਸਫਲਤਾ ਪ੍ਰਾਪਤ ਕੀਤੀ, ਜਦੋਂ ਸਥਾਨਕ ਸ਼ਹਿਰ ਦੇ ਇਕ ਸੀਨੀਅਰ ਅਕਾਲੀ ਆਗੂ ਨੂੰ ਨਸ਼ੇ ਵਾਲੀਆਂ ਗੋਲੀਆਂ, ਜ਼ਹਿਰੀਲਾ ਘੋਲ ਅਤੇ ਪੈਕਿੰਗ ਕਰਨ ਵਾਲੀਆਂ ਮਸ਼ੀਨਾਂ ਸਮੇਤ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਡੀ. ਐੱਸ. ਪੀ. ਮੌੜ ਕਲਭੂਸ਼ਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲਵਾਰ ਨੂੰ ਐੱਸ. ਆਈ. ਜਸਪ੍ਰੀਤ ਕੌਰ ਨੇ ਗਸ਼ਤ ਦੌਰਾਨ ਮੌੜ ਮੰਡੀ ਵਾਸੀ ਰਾਜਿੰਦਰ ਕੁਮਾਰ ਨੂੰ ਬੈਗਾਂ ਸਮੇਤ ਆਉਂਦਾ ਦੇਖਿਆ। ਪੁਲਸ ਨੂੰ ਦੇਖ ਕੇ ਉਕਤ ਵਿਅਕਤੀ ਤੇਜ਼ੀ ਨਾਲ ਘਰ 'ਚ ਦਾਖਲ ਹੋਣ ਲੱਗਾ ਤਾਂ ਪੁਲਸ ਨੂੰ ਸ਼ੱਕ ਹੋਇਆ ਅਤੇ ਪੁਲਸ ਨੇ ਤੁਰੰਤ ਰਾਜਿੰਦਰ ਕੁਮਾਰ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਡੀ. ਐੱਸ. ਪੀ. ਮੌੜ ਅਤੇ ਥਾਣਾ ਮੁਖੀ ਹਰਨੇਕ ਸਿੰਘ ਸਮੇਤ ਪੁਲਸ ਨੇ ਡਰੱਗ ਇੰਸਪੈਕਟਰ ਗੁਣਦੀਪ ਬਾਂਸਲ ਦੀ ਮੌਜੂਦਗੀ 'ਚ ਬੈਗਾਂ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 14 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਡੀ. ਐੱਸ. ਪੀ. ਮੌੜ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਰਾਜਿੰਦਰ ਕੁਮਾਰ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਘਰ 'ਚੋਂ 20 ਲਿਟਰ ਨਸ਼ੇ ਵਾਲਾ ਪਦਾਰਥ ਅਤੇ ਘੋਲ ਦੀ 700 ਸ਼ੀਸ਼ੀਆਂ ਤੋਂ ਇਲਾਵਾ ਪੈਕਿੰਗ ਕਰਨ ਵਾਲੀਆਂ ਦੋ ਮਸ਼ੀਨਾਂ ਵੀ ਬਰਾਮਦ ਕਰ ਲਈਆਂ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾ ਰਿਹਾ ਹੈ, ਤਾਂ ਜੋ ਇਸ ਖੇਪ ਦੇ ਸੋਮਿਆਂ ਅਤੇ ਲੋਕਲ ਕਿਸ ਨੂੰ ਸਪਲਾਈ ਹੋਣੀ ਸੀ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਇਸ ਮੌਕੇ ਡੀ. ਐੱਸ .ਪੀ. ਦੇ ਰੀਡਰ ਅਵਤਾਰ ਸਿੰਘ, ਥਾਣਾ ਮੁਖੀ ਹਰਨੇਕ ਸਿੰਘ, ਏ. ਐੱਸ. ਆਈ. ਜਸਕਰਨ ਸਿੰਘ, ਚੰਨਦੀਪ ਸਿੰਘ ਸਹਾਇਕ ਮੁਨਸ਼ੀ ਆਦਿ ਮੌਜੂਦ ਸਨ।


 


Deepak Kumar

Content Editor

Related News