ਬਿਨਾ ਮਨਜ਼ੂਰੀ ਨਸ਼ਾ ਛਡਾਊ ਕੇਂਦਰ ''ਤੇ ਪੁਲਸ ਦਾ ਛਾਪਾ, 135 ਨੌਜਵਾਨਾਂ ਨੂੰ ਕੀਤਾ ਵਾਰਿਸਾਂ ਹਵਾਲੇ

Monday, Oct 01, 2018 - 09:50 PM (IST)

ਬਿਨਾ ਮਨਜ਼ੂਰੀ ਨਸ਼ਾ ਛਡਾਊ ਕੇਂਦਰ ''ਤੇ ਪੁਲਸ ਦਾ ਛਾਪਾ, 135 ਨੌਜਵਾਨਾਂ ਨੂੰ ਕੀਤਾ ਵਾਰਿਸਾਂ ਹਵਾਲੇ

ਪਾਇਲ/ਬੀਜਾ,(ਬਰਮਾਲੀਪੁਰ,ਬਿਪਨ)— ਪਾਇਲ ਨੇੜੇ ਪੈਂਦੇ ਪਿੰਡ ਗੋਬਿੰਦਪੁਰਾ ਤੇ ਘੁੰਗਰਾਲੀ ਰਾਜਪੂਤਾਂ ਵਿਚਾਲੇ ਪਿਛਲੇ ਕਰੀਬ 6 ਸਾਲ ਤੋਂ ਚਲਦੇ ਨਸ਼ਾ ਮੁਕਤੀ ਕੇਂਦਰ ਅਤੇ ਧਾਰਮਿਕ ਅਸਥਾਨ ਤੇ ਪੁਲਸ ਨੇ ਪ੍ਰਸਾਸ਼ਨ ਦੀ ਹਾਜ਼ਰੀ 'ਚ ਭਾਰੀ ਫੋਰਸ ਨਾਲ ਛਾਪਾ ਮਾਰਿਆ। ਪੁਲਸ ਨੇ ਇੱਥੇ ਰਹਿੰਦੇ ਕਰੀਬ 135 ਨੌਜਵਾਨਾ ਨੂੰ ਕੱਢ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਘੁੰਗਰਾਲੀ ਦੀ ਜ਼ਮੀਨ 'ਚ ਚਲਦੇ ਨਸ਼ਾ ਮੁਕਤੀ ਕੇਂਦਰ ਨੂੰ ਧਾਰਮਿਕ ਕੇਂਦਰ ਦਾ ਨਾਮ ਦੇ ਕੇ ਚਲਾਇਆ ਜਾ ਰਿਹਾ ਸੀ ਅਤੇ ਇਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨਾਂ ਨੂੰ ਨਸ਼ਾ ਮੁਕਤੀ ਲਈ ਛੱਡ ਜਾਂਦੇ ਸਨ ਅਤੇ ਬਕਾਇਦਾ ਖਰਚਾ ਵੀ ਦਿੰਦੇ ਸਨ। ਪੁਲਸ ਪ੍ਰਸਾਸ਼ਨ ਨੇ ਛਾਪੇਮਾਰੀ ਤੋ ਪਹਿਲਾਂ ਹੀ ਸਾਰੇ ਮੁੰਡਿਆਂ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਤੁਰੰਤ ਕੇਂਦਰ 'ਚ ਪੁੱਜਣ ਲਈ ਕਿਹਾ। ਪੁਲਸ ਵੱਲੋ ਪ੍ਰਸਾਸ਼ਨ ਦੀ ਹਾਜ਼ਰੀ 'ਚ ਇੱਕ-ਇੱਕ ਕਰਕੇ ਸਾਰੇ ਨੌਜਵਾਨਾਂ ਨੂੰ ਪੂਰੀ ਲਿਖਤੀ ਕਾਰਵਾਈ ਕਰਨ ਉਪਰੰਤ ਉਨ੍ਹਾਂ ਦੇ ਵਾਰਸਾਂ ਹਵਾਲੇ ਕੀਤਾ ਗਿਆ ਤੇ ਦੂਰ-ਦੁਰਾਡੇ ਵਾਲੇ ਲੋਕਾਂ ਦੇ ਘਰ ਜਾਣ ਦੀਆਂ ਹਦਾਇਤਾਂ ਜਾਰੀ ਕਰ ਕੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਸ 'ਚ ਸ਼ਾਮਲ ਪੁਲਸ ਚੌਕੀ ਕੋਟ, ਸਦਰ ਖੰਨਾ ਅਤੇ ਸੀ ਆਈ ਸਟਾਫ ਤੋਂ ਇਲਾਵਾ ਹੋਰ ਵਿੰਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਬਾਰੀਕੀ ਨਾਲ ਅਧਿਐਨ ਕਰਨ ਉਪਰੰਤ ਗੈਰ ਕਾਨੂੰਨੀ ਤੌਰ 'ਤੇ ਚਲਦੇ ਇਸ ਕੇਂਦਰ ਤੋਂ ਨੌਜਵਾਨਾਂ ਨੂੰ ਮੁਕਤ ਕਰਨ ਦਾ ਫੈਸਲਾ ਕੀਤਾ।

ਡਿਪਟੀ ਕਮਿਸ਼ਨਰ ਤੋ ਨਹੀਂ ਸੀ ਮਨਜ਼ੂਰਸ਼ੁਦਾ ਕੇਂਦਰ
ਜਾਣਕਾਰੀ ਮੁਤਾਬਕ ਪਿੰਡ ਘੁੰਗਰਾਲੀ ਨਿਵਾਸੀ ਪਵਨਦੀਪ ਸਿੰਘ ਦੀ ਸਰਪ੍ਰਸਤੀ ਹੇਠ ਚਲਦੇ ਇਸ ਕੇਂਦਰ ਲਈ ਲੋੜੀਂਦੀ ਮਨਜ਼ੂਰੀ ਪ੍ਰਬੰਧਕ ਪੇਸ਼ ਨਹੀਂ ਕਰ ਸਕੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਨਸ਼ਾ ਮੁਕਤੀ ਕੇਂਦਰ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਤੋ ਬਿਨਾਂ ਨਹੀਂ ਚੱਲ ਸਕਦਾ।

ਮੁਕਤ ਹੋਏ ਨੌਜਵਾਨਾਂ ਵਲੋਂ ਕੁੱਟ ਮਾਰ ਦੇ ਦੋਸ਼
ਕੇਂਦਰ 'ਚੋਂ ਮੁਕਤ ਹੋਏ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਰਾਜਪੁਰਾ ਨੇ ਦੱਸਿਆ ਕਿ ਕੇਂਦਰ 'ਚ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾਂਦਾ ਸੀ ਤੇ ਕਈ ਵਾਰ ਬਿਨਾਂ ਕਿਸੇ ਕਾਰਨ ਜਲੀਲ ਕੀਤਾ ਜਾਂਦਾ ਸੀ। ਹੋਰਨਾਂ ਕੁਝ ਨੌਜਵਾਨਾਂ ਨੇ ਦੱਸਿਆ ਕਿ ਕੇਂਦਰ 'ਚ ਉਨਾਂ ਨਾਲ ਕਈ ਪੱਖਾਂ ਤੋਂ ਬਦਸਲੂਕੀ ਵੀ ਹੁੰਦੀ ਸੀ। ਪਿੰਡ ਲਿਤਰ ਦੇ ਗੁਰਦੀਪ ਸਿੰਘ ਅਤੇ ਹੈੱਪੀ ਸ਼ਰਮਾ ਤੇ ਚੰਦ ਵਰਮਾ ਵਾਸੀ ਦਿੱਲੀ ਨੇ ਦੱਸਿਆ ਕਿ ਕੇਂਦਰ 'ਚ ਉਨਾਂ ਨੂੰ ਕੋਈ ਸਮੱਸਿਆ ਨਹੀਂ ਸੀ।

ਪੁਲਸ ਵੱਲੋ ਨਹੀਂ ਕੀਤਾ ਗਿਆ ਕੋਈ ਮਾਮਲਾ ਦਰਜ
ਪੁਲਸ ਵੱਲੋਂ ਵੱਡੇ ਲਾਮ ਲਸ਼ਕਰ ਨਾਲ਼ ਕੀਤੀ ਕਾਰਵਾਈ ਦੀ ਪੂਰਾ ਦਿਨ ਚਰਚਾ ਹੁੰਦੀ ਰਹੀ ਪਰ ਪੁਲਸ ਦੀ ਕਾਰਵਾਈ ਕੇਂਦਰ 'ਚ ਹਾਜ਼ਰ ਲੋਕਾਂ ਨੂੰ ਮਾਪਿਆਂ ਦੇ ਹਵਾਲੇ ਕਰਨ ਤੱਕ ਸੀਮਿਤ ਰਹੀ। ਐੱਸ ਪੀ ਖੰਨਾ ਜਸਵੀਰ ਸਿੰਘ ਅਨੁਸਾਰ ਇਹ ਕੇਂਦਰ ਧਾਰਮਿਕ ਅਸਥਾਨ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਹੈ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਇਲਾਵਾ ਗੁਰਮਿਤ ਵਿਦਿਆਲੇ ਵਜੋਂ ਪ੍ਰਚਾਰਿਆ ਜਾਂਦਾ ਹੈ । ਪੁਲਸ ਨੂੰ ਇਥੋਂ ਕੋਈ ਵੀ ਇਤਰਾਜਯੋਗ ਚੀਜ਼ ਨਹੀਂ ਮਿਲੀ ਇਸ ਲਈ ਪੁਲਸ ਵਲੋਂ ਆਪਣੀ ਕਾਰਵਾਈ ਸੰਜਮ ਨਾਲ ਹੀ ਅਮਲ ਵਿੱਚ ਲਿਆਂਦੀ ਗਈ ਹੈ।


Related News