ਡਾ. ਦਰਪਣ ਆਹਲੂਵਾਲੀਆ IPS ਨੇ ਦਿਆਲਪੁਰਾ ਥਾਣੇ ਦਾ ਸੰਭਾਲਿਆ ਚਾਰਜ

Saturday, Apr 23, 2022 - 11:38 PM (IST)

ਡਾ. ਦਰਪਣ ਆਹਲੂਵਾਲੀਆ IPS ਨੇ ਦਿਆਲਪੁਰਾ ਥਾਣੇ ਦਾ ਸੰਭਾਲਿਆ ਚਾਰਜ

ਭਗਤਾ ਭਾਈ (ਪਰਮਜੀਤ ਢਿੱਲੋਂ) : ਸਥਾਨਕ ਥਾਣੇ ਦੇ ਨਵੇਂ ਥਾਣਾ ਮੁਖੀ ਡਾ. ਦਰਪਣ ਆਹਲੂਵਾਲੀਆ ਆਈ. ਪੀ. ਐੱਸ. ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਅੱਜ ਸਥਾਨਕ ਸ਼ਹਿਰ ਤੋਂ ਸੰਬੰਧਿਤ ਪੱਤਰਕਾਰਾਂ ਨਾਲ ਵਿਸ਼ੇਸ਼ ਬੈਠਕ ਕਰ ਇਲਾਕੇ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ’ਚ ਸਕੂਲਾਂ, ਕਾਲਜਾਂ ਜਾਂ ਹੋਰ ਕੋਚਿੰਗ ਸੈਂਟਰਾਂ ਅੱਗੇ ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਦੇ ਮੁੱਖ ਬਾਜ਼ਾਰ ’ਚ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਸ਼ਹਿਰ ਦੀ ਆਵਾਜਾਈ ਨੂੰ ਨਿਰਵਿਘਨ ਚਲਾਉਣ ਬਾਰੇ ਸਖਤ ਕਦਮ ਉਠਾਉਣ ਦੀ ਗੱਲ ਆਖੀ।

ਉਨ੍ਹਾਂ ਕਿਹਾ ਕਿ ਥਾਣੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਅਧੂਰੀਆਂ ਪਈਆਂ ਦਰਖ਼ਾਸਤਾਂ ਦੇ ਨਿਪਟਾਰੇ ਲਈ ਜਲਦ ਹੀ ਇਕ ਮੁਹਿੰਮ ਚਲਾਈ ਜਾਵੇਗੀ, ਜਿਸਦਾ ਨਾਂ ‘ਦਿਆਲਪੁਰਾ ਪੁਲਸ ਤੁਹਾਡੇ ਦਵਾਰ’ ਹੋਵੇਗਾ, ਜਿਸ ਦੇ ਤਹਿਤ ਦਰਖਾਸਤਾਂ ਨਾਲ ਸੰਬੰਧਿਤ ਪਿੰਡਾਂ ਅੰਦਰ ਪੁਲਸ ਵੱਲੋਂ ਪਹੁੰਚ ਕਰਕੇ ਉਨ੍ਹਾਂ ਦੇ ਨਿਪਟਾਰੇ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਤੇ ਇਲਾਕੇ ’ਚ ਪੈਟ੍ਰੋਲਿੰਗ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਗੈਰ ਸਮਾਜਿਕ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਜੋ ਇਲਾਕੇ ’ਚ ਕਾਨੂੰਨ ਵਿਵਸਥਾ ਬਣੀ ਰਹੇ।


author

Manoj

Content Editor

Related News