ਗਰੀਬ ਆਜੜੀ ਦੀਆਂ ਦਰਜਨ ਦੇ ਕਰੀਬ ਬੱਕਰੀਆਂ ਦੀ ਜ਼ਹਿਰ ਨਾਲ ਮੌਤ

05/22/2022 11:13:09 AM

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸੰਗਰੂਰ ਦੇ ਨੇੜਲੇ ਪਿੰਡ ਬਡਰੁੱਖਾਂ ਵਿਖੇ ਇਕ ਗਰੀਬ ਆਜੜੀ ਦੀਆਂ ਕਰੀਬ ਇਕ ਦਰਜਨ ਬੱਕਰੀਆਂ ਅਚਾਨਕ ਮਰ ਗਈਆਂ। ਜਾਣਕਾਰੀ ਅਨੁਸਾਰ ਪਿੰਡੋਂ ਬਾਹਰ ਖੇਤਾਂ ਵਿਚ ਚਰਦਿਆਂ ਬੱਕਰੀਆਂ ਕੋਈ ਜ਼ਹਿਰੀਲੀ ਚੀਜ਼ ਜਾਂ ਜ਼ਹਿਰੀਲਾ ਪਾਣੀ ਪੀ ਗਈਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਬਡਰੁੱਖਾਂ ਦੇ ਵਸਨੀਕ ਰਹਿਮਦੀਨ ਪੁੱਤਰ ਤਰਸੇਮ ਖਾਂ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਸਾਢੇ 12 ਵਜੇ ਘਰੋਂ ਬੱਕਰੀਆਂ ਲੈ ਕੇ ਖੇਤਾਂ ’ਚ ਗਿਆ ਸੀ। ਜਿਉਂ ਹੀ ਉਹ ਕਰੀਬ ਇਕ ਵਜੇ ਬਡਰੁੱਖਾਂ-ਉਭਾਵਾਲ ਸੜਕ ’ਤੇ ਸਥਿਤ ਪਾਣੀ ਵਾਲੇ ਸੂਏ ਦੀ ਪਟੜੀ ’ਤੇ ਪੁੱਜਿਆ ਤਾਂ ਉਥੇ ਉਸਦੀਆਂ ਕਰੀਬ ਦੋ ਦਰਜਨ ਬੱਕਰੀਆਂ ਅਤੇ ਭੇਡਾਂ ’ਚੋਂ ਕੁਝ ਬੱਕਰੀਆਂ ਅਤੇ ਭੇਡਾਂ ਅਚਾਨਕ ਹੇਠਾਂ ਡਿੱਗ ਪਈਆਂ ਜਿਨ੍ਹਾਂ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਉਥੇ, ਨੇੜਲੇ ਖੇਤਾਂ ਦੇ ਕਿਸਾਨ ਤੇ ਪਿੰਡ ਦੇ ਲੋਕ ਪੁੱਜ ਗਏ ਜਿਨ੍ਹਾਂ ਵੱਲੋਂ ਸੂਚਨਾ ਦੇਣ ’ਤੇ ਪਿੰਡ ਦੀ ਪਸ਼ੂ ਡਿਸਪੈਂਸਰੀ ਤੋਂ ਟੀਮ ਪੁੱਜੀ ਅਤੇ ਚੈੱਕਅਪ ਕਰਦਿਆਂ ਦਵਾਈ ਵੀ ਦਿੱਤੀ ਗਈ ਪਰ ਉਸਦੀਆਂ 9 ਬੱਕਰੀਆਂ ਅਤੇ 2 ਭੇਡਾਂ ਦੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਇਸ ਮੌਕੇ ਆਜੜੀ ਰਹਿਮਦੀਨ ਨੇ ਦੱਸਿਆ ਕਿ ਇਹ ਹੀ ਉਸਦਾ ਰੋਜ਼ਗਾਰ ਸੀ। ਇਸ ਮੌਕੇ ਪਿੰਡ ਵਾਸੀਆਂ ਅਮਰਜੀਤ ਸਿੰਘ, ਗੋਰਾ ਲਾਲ ਅਤੇ ਹੋਰ ਵਿਅਕਤੀਆਂ ਨੇ ਦੱਸਿਆ ਕਿ ਰਹਿਮਦੀਨ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਬੱਕਰੀਆਂ ਪਾਲ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਅਚਾਨਕ ਬੱਕਰੀਆਂ ਮਰਨ ਨਾਲ ਗਰੀਬ ਦਾ ਬੇਹੱਦ ਮਾਲੀ ਨੁਕਸਾਨ ਹੋ ਗਿਆ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਆਜੜੀ ਦੇ ਹੋਏ ਨੁਕਸਾਨ ਬਦਲੇ ਵਿੱਤੀ ਸਹਾਇਤਾ ਜਾਂ ਮੂਆਵਜ਼ਾ ਦਿੱਤਾ ਜਾਵੇ ਤਾਂ ਜੋ ਕੋਈ ਸਹਾਰਾ ਲੱਗ ਸਕੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Meenakshi

News Editor

Related News