ਲਿੰਗ ਨਿਰਧਾਰਣ ਜਾਂਚ ਦੀ ਸ਼ਿਕਾਇਤ ਮਿਲਣ ’ਤੇ ਡਾਕਟਰ ਤੇ ਏਜੰਟ ਕਾਬੂ
Saturday, Jun 06, 2020 - 01:40 PM (IST)
ਪਾਤੜਾਂ (ਚੋਪੜਾ) : ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਤਰਨਤਾਰਨ ਡਾ. ਸੂਰਤ ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਫਤਿਹਗੜ੍ਹ ਸਾਹਿਬ ਡਾ. ਸੁਮਿਤ ਸਿੰਘ ਦੀ ਅਗਵਾਈ 'ਚ ਸਿਹਤ ਮਹਿਕਮੇ ਦੇ ਅਮਲੇ ਨੇ ਪੁਲਸ ਅਤੇ ਸਿਵਲ ਹਸਪਤਾਲ ਦੀ ਟੀਮ ਨਾਲ ਮਿਲ ਕੇ ਇੱਥੋਂ ਦੇ ਪਟਿਆਲਾ ਨਾਂ ਦੇ ਇਕ ਨਿੱਜੀ ਹਸਪਤਾਲ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਡਾ. ਅਸ਼ੋਕ ਕੁਮਾਰ ਅਤੇ ਦਲਾਲ ਨਾਇਬ ਸਿੰਘ ਵਾਸੀ ਲੌਂਗੋਵਾਲ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਨੂੰ ਹਸਪਤਾਲ 'ਚ ਲਿੰਗ ਨਿਰਧਾਰਣ ਜਾਂਚ ਕੀਤੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਬੂ ਕੀਤਾ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਨੇ ਇਕ ਜਨਾਨੀ ਨੂੰ ਨਕਲੀ ਮਰੀਜ਼ ਬਣਾ ਕੇ ਹਸਪਤਾਲ 'ਚ ਭੇਜਿਆ ਅਤੇ ਪੁਸ਼ਟੀ ਹੋਣ ’ਤੇ ਹਸਪਤਾਲ 'ਚ ਛਾਪਾ ਮਾਰਿਆ।
ਸ਼ਹਿਰੀ ਪੁਲਸ ਇੰਚਾਰਜ ਹਰਸ਼ਵੀਰ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਚੱਲੀ ਛਾਪੇਮਾਰੀ ਦੌਰਾਨ ਹਸਪਤਾਲ 'ਚੋਂ ਪੁਲਸ ਨੂੰ ਨਸ਼ੇ ਦੀਆਂ 1170 ਗੋਲੀਆਂ ਅਤੇ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਸੱਤ ਹਜ਼ਾਰ ਰੁਪਏ ਬਰਾਮਦ ਹੋਏ । ਉਨ੍ਹਾਂ ਦੱਸਿਆ ਕਿ ਡਾ. ਅਸ਼ੋਕ ਕੁਮਾਰ ਅਤੇ ਦਲਾਲ ਨਾਇਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਡਾ. ਅਸ਼ੋਕ ਕੁਮਾਰ ਦੀ ਪਤਨੀ ਦਵਿੰਦਰ ਕੁਮਾਰੀ ਲਿੰਗ ਨਿਰਧਾਰਣ ਜਾਂਚ ਕਰਨ ਵਾਲੀ ਮਸ਼ੀਨ ਅਤੇ ਕੁਝ ਪੈਸੇ ਲੈ ਕੇ ਫਰਾਰ ਹੋ ਗਈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਰਿਕਾਰਡ ਕਬਜ਼ੇ 'ਚ ਲੈ ਕੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।