ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲਾ ਸਿੱਖਿਆ ਅਫਸਰ ਦਾ ਘਿਰਾਓ

Thursday, Nov 29, 2018 - 06:55 AM (IST)

ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲਾ ਸਿੱਖਿਆ ਅਫਸਰ ਦਾ ਘਿਰਾਓ

ਫ਼ਰੀਦਕੋਟ, (ਹਾਲੀ)- ਸਾਂਝਾ ਅਧਿਆਪਕ ਮੋਰਚਾ ਫਰੀਦਕੋਟ ਦੇ ਸੱਦੇ ’ਤੇ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਫਰੀਦਕੋਟ ਦਾ ਘਿਰਾਓ ਕੀਤਾ। ਇਸ ਮੌਕੇ ਅਧਿਆਪਕਾਂ ਦੀਅਾਂ ਕੀਤੀਅਾਂ ਗਈਅਾਂ ਬਦਲੀਆਂ ਦੇ ਵਿਰੋਧ ਵਿਚ ਆਗੂਅਾਂ ਤੇ ਮੈਂਬਰਾਂ ਨੇ ਸਰਕਾਰ ਅਤੇ ਜ਼ਿਲਾ ਸਿੱਖਿਆ ਅਫਸਰ ਖਿਲਾਫ਼ ਨਾਅਰੇਬਾਜ਼ੀ ਕੀਤੀ। 
ਇਸ ਸਮੇਂ ਪ੍ਰੇਮ ਚਾਵਲਾ, ਕੁਲਦੀਪ ਸ਼ਰਮਾ ਅਤੇ ਜਤਿੰਦਰ ਨੇ ਕਿਹਾ ਕਿ ਸਿੱਖਿਆ ਸਕੱਤਰ ਦੀਆਂ ਨੀਤੀਆਂ ਸਕੂਲਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਅਾਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਅਧਿਆਪਕ ਵੱਲੋਂ ਕਲਿੱਕ ਨਾ ਕਰਨ ਤੋਂ ਬੁਖਲਾਇਆ ਹੋਇਆ ਹੈ ਅਤੇ ਜਿਹਡ਼ੇ ਅਧਿਆਪਕ ਸਰਕਾਰ ਦੀ ਕਲਿੱਕ ਨੀਤੀ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਬਦਲੀਆਂ ਕਰਨ ਦੇ ਨਾਂ ’ਤੇ ਧਮਕਾਇਆ ਜਾ ਰਿਹਾ ਹੈ, ਜੇਕਰ ਅਧਿਆਪਕ ਕਲਿੱਕ ਨਾ ਕਰੇ ਤਾਂ ਉਸ ਦੀ ਬਦਲੀ ਦੂਰ-ਦੂਰਾਡੇ ਕਰ ਦਿੱਤੀ ਜਾਂਦੀ ਹੈ। 
ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਆਪਣੀ ਨੀਤੀ ਨੂੰ ਲਾਗੂ ਕਰਨ ਲਈ ਜ਼ਿਲਾ ਸਿੱਖਿਆ ਅਫਸਰਾਂ ਰਾਹੀਂ ਸੈਮੀਨਾਰਾਂ ਵਿਚ ਜਾ ਕੇ ਅਤੇ ਅਧਿਆਪਕਾਂ ਨੂੰ ਫੋਨ ਕਰ ਕੇ ਕਲਿੱਕ ਕਰਨ ਲਈ ਡਰਾ-ਧਮਕਾ ਰਹੇ ਹਨ। ਫਰੀਦਕੋਟ ਜ਼ਿਲੇ ਵਿਚ ਹੁਣ ਤੱਕ 4 ਅਧਿਆਪਕਾਂ ਦੀ ਕਲਿੱਕ ਨਾ ਕਰਨ ਕਰ ਕੇ ਬਦਲੀਅਾਂ ਕਰ ਦਿੱਤੀਅਾਂ ਗਈਅਾਂ ਹਨ, ਜੋ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹਨ। 
ਜ਼ਿਲਾ ਸਿੱਖਿਆ ਅਫ਼ਸਰ ਦੇ ਘਿਰਾਓ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਅਤੇ ਜਨਤਕ ਜਥੇਬੰਦੀਆਂ ਨੇ ਸੁਖਵਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਵਿਚ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਫਰੀਦਕੋਟ ਤੋਂ 10 ਬੱਸਾਂ ਸਮੇਤ 2 ਦਸੰਬਰ ਨੂੰ ਪਟਿਆਲਾ ਜਾਮ ਵਿਚ ਸ਼ਾਮਲ ਹੋਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪਟਿਆਲਾ ਜਾਮ ਲਈ ਵੱਖ-ਵੱਖ ਸਕੂਲਾਂ ਵਿਚ ਲਾਮਬੰਦੀ ਕਰੇਗਾ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਪਟਿਆਲਾ ਵਿਖੇ ਪਹੁੰਚਣਗੇ। ਮੀਟਿੰਗ ਵਿਚ  ਫੈਸਲਾ ਕੀਤਾ ਗਿਆ ਕਿ ਸਰਕਾਰੀ ਜਬਰ ਦਾ 2 ਦਸੰਬਰ ਨੂੰ ਪਟਿਆਲਾ ਵਿਖੇ ਜਵਾਬ ਦਿੱਤਾ ਜਾਵੇਗਾ। ਸਿੱਖਿਆ ਸਕੱਤਰ ਵੱਲੋਂ ਚਲਾਏ ਜਾ ਰਹੇ ‘ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ’ ਦਾ ਅਧਿਆਪਕਾਂ ਵੱਲੋਂ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। 
ਇਸ ਮੌਕੇ ਗਗਨ ਪਾਹਵ,  ਮੁਖਤਿਆਰ ਮੱਤਾ,  ਜਗਸੀਰ ਸਿੰਘ, ਹਰਵਰਿੰਦਰ ਸਿੰਘ, ਸਤੇਸ਼ ਭੂੰਦਡ਼, ਕੁਲਵਿੰਦਰ ਸਿੰਘ, ਰੋਹਿਤ ਕੁਮਾਰ,  ਸੁਰਿੰਦਰ ਪੁਰੀ, ਪ੍ਰਦੀਪ ਸਿੰਘ, ਸੁਨੀਤਾ ਪਾਹਵਾ, ਪ੍ਰਭਜੋਤ ਕੌਰ, ਵਰਿੰਦਰ ਕੌਰ ਆਦਿ ਹਾਜ਼ਰ ਸਨ। 


Related News