ਨੋਟਬੰਦੀ ਖਿਲਾਫ ਡੀ. ਸੀ. ਦਫਤਰ ਸਾਹਮਣੇ ਕਾਂਗਰਸ ਨੇ ਦਿੱਤਾ ਜ਼ਿਲਾ ਪੱਧਰੀ ਧਰਨਾ
Saturday, Nov 10, 2018 - 03:28 AM (IST)
ਫ਼ਰੀਦਕੋਟ, (ਹਾਲੀ)- ਜ਼ਿਲਾ ਕਾਂਗਰਸ ਕਮੇਟੀ ਵੱਲੋਂ ਨੋਟਬੰਦੀ ਦੇ ਦੋ ਸਾਲ ਹੋਣ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜ਼ਿਲਾ ਪੱਧਰੀ ਰੋਸ ਧਰਨਾ ਜ਼ਿਲਾ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾਈਂ ਦੀ ਅਗਵਾਈ ਵਿਚ ਦਿੱਤਾ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਨੋਟਬੰਦੀ ਦੇਸ਼ ਦਾ ਸਭ ਤੋਂ ਵੱਡਾ ਘਪਲਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਆਗੂਅਾਂ ਨੇ ਨੋਟਬੰਦੀ ਦੀ ਆਡ਼ ਵਿਚ ਆਪਣੇ ਕਾਲੇ ਧਨ ਨੂੰ ਚਿੱਟਾ ਕਰ ਲਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡੀ ਢਾਅ ਲਾਈ ਹੈ ਅਤੇ ਰੋਜ਼ਗਾਰ ਦੇ ਮੌਕੇ ਖੁੱਸਣੇ ਸ਼ੁਰੂ ਹੋ ਗਏ। ਕਾਂਗਰਸੀ ਆਗੂ ਸੁਰਜੀਤ ਸਿੰਘ ਢਿੱਲੋਂ ਅਤੇ ਚਮਕੌਰ ਸਿੰਘ ਸੇਖੋਂ ਨੇ ਕਿਹਾ ਕਿ ਨੋਟਬੰਦੀ ਨੇ ਦੇਸ਼ ਦੇ ਵਿਕਾਸ ਨੂੰ ਲੀਹੋਂ ਲਾਹਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਵਿਚ ਪੈਦਾ ਕੀਤੇ ਰੋਜ਼ਗਾਰ ਦੇ ਮੌਕਿਆਂ ਨੂੰ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਕੇਂਦਰ ਸਰਕਾਰ ਦਾ ਕੋਈ ਵੀ ਫੈਸਲਾ ਲੋਕ ਪੱਖੀ ਸਾਬਤ ਨਹੀਂ ਹੋਇਆ। ਇਸ ਸਮੇਂ ਡਾ. ਜਗੀਰ ਸਿੰਘ, ਸੁਰਜੀਤ ਸਿੰਘ ਬਾਬਾ, ਸਾਜਨ ਸ਼ਰਮਾ, ਵਿੱਕੀ ਬਰਾਡ਼, ਲਾਲ ਬਰਾਡ਼ ਅਤੇ ਕਈ ਹੋਰ ਆਗੂ ਮੌਜੂਦ ਸਨ।
