ਤਰਨਤਾਰਨ ’ਚ ਆਗਾਮੀ ਤਿਉਹਾਰਾਂ ਮੌਕੇ ਪਟਾਖ਼ੇ ਚਲਾਉਣ ਲਈ ਸਮਾਂ ਨਿਰਧਾਰਤ: ਜ਼ਿਲਾ ਮੈਜਿਸਟ੍ਰੇਟ

Thursday, Nov 05, 2026 - 12:06 PM (IST)

ਤਰਨਤਾਰਨ ’ਚ ਆਗਾਮੀ ਤਿਉਹਾਰਾਂ ਮੌਕੇ ਪਟਾਖ਼ੇ ਚਲਾਉਣ ਲਈ ਸਮਾਂ ਨਿਰਧਾਰਤ: ਜ਼ਿਲਾ ਮੈਜਿਸਟ੍ਰੇਟ

ਤਰਨਤਾਰਨ (ਰਾਜੂ)-ਜ਼ਿਲਾ ਮੈਜਿਸਟ੍ਰੇਟ ਤਰਨਤਾਰਨ ਰਾਹੁਲ ਨੇ ਸਾਇੰਸ ਐਂਡ ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਵੱਲੋਂ ਮਾਣਯੋਗ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਤਰਨਤਾਰਨ ਜ਼ਿਲੇ ਅੰਦਰ ਪਟਾਖੇ ਚਲਾਉਣ ਅਤੇ ਆਤਿਸ਼ਬਾਜ਼ੀ ਬਣਾਉਣ, ਸਟੋਰ ਕਰਨ ਤੇ ਖ਼ਰੀਦਣ/ਵੇਚਣ ਨੂੰ ਨਿਯਮਤ ਕਰਨ ਸਬੰਧੀ ਹੁਕਮ ਜਾਰੀ ਕਰਦਿਆਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਹਿੱਤ ਆਦੇਸ਼ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਜਨਹਿੱਤ ਨੂੰ ਧਿਆਨ ’ਚ ਰੱਖਦਿਆਂ ਜਾਰੀ ਕੀਤੇ ਆਦੇਸ਼ਾਂ ਮੁਤਾਬਕ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਸਬੰਧੀ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਮਾਣਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 728 ਆਫ਼ 2015 ‘ਅਰਜਨ ਗੋਪਾਲ ਬਨਾਮ ਯੂਨੀਅਨ ਆਫ਼ ਇੰਡੀਆ ਤੇ ਹੋਰ’ ਵਿਚ ਮਿਤੀ 23-10-2018, ਸੋਧੇ ਹੋਏ ਹੁਕਮ ਮਿਤੀ 30-10-2018 ਤੇ 31-10-2018 ਅਤੇ ਇਸ ਤੋਂ ਬਿਨਾਂ ਮਿਤੀ 9-10-2020 ਨੂੰ ਜਾਰੀ ਮਾਣਯੋਗ ਗ੍ਰੀਨ ਟ੍ਰਿਬਿਊਨਲ ਦੇ ਜਾਰੀ ਹੁਕਮ ਨੰਬਰ 249 ਆਫ਼ 2020 ਤਹਿਤ ਕੇਵਲ ਗ੍ਰੀਨ ਪਟਾਖੇ ਹੀ ਚਲਾਉਣ ਦੀ ਆਗਿਆ ਹੈ।

ਇਹ ਵੀ ਪੜ੍ਹੋ- ਕਾਂਸਟੇਬਲ ਕਰਮਬੀਰ ਦਾ ਸਾਥੀ ਹਰਜੀਤ ਗ੍ਰਿਫ਼ਤਾਰ, NCB ਨੇ ਕੀਤੀ ਵੱਡੀ ਕਾਰਵਾਈ

ਇਸ ਦੇ ਨਾਲ ਹੀ ਪਾਬੰਦੀਸ਼ੁਦਾ ਪਟਾਖਿਆਂ ਨੂੰ ਚਲਾਉਣ ਲਈ ਮਨਾਹੀ ਕੀਤੀ ਗਈ ਹੈ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ ਆਉਂਦੀ ਗ਼ੈਰਕਾਨੂੰਨੀ ਧਮਾਕਾਖੇਜ਼ ਸਮੱਗਰੀ ਬਣਾਉਣ, ਸਟੋਰ ਕਰਨ ਤੇ ਵਿਕਰੀ ਤੇ ਵਰਤੋਂ ਕਰਨ ਨੂੰ ਰੋਕਣ ਲਈ ਉਪਰਾਲੇ ਕੀਤੇ ਗਏ ਹਨ। ਆਉਣ ਵਾਲੇ ਤਿਉਹਾਰਾਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਕੇਵਲ ਗ੍ਰੀਨ ਪਟਾਖੇ ਚਲਾਉਣ ਲਈ ਦਿੱਤੀ ਗਈ ਛੋਟ ਤਹਿਤ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਗ੍ਰੀਨ ਪਟਾਖੇ ਚਲਾਏ ਜਾ ਸਕਣਗੇ।

ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ

ਹੁਕਮਾਂ ਮੁਤਾਬਕ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਪਟਾਖੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, 24 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ ਨੂੰ 9 ਵਜੇ ਤੋਂ 10 ਵਜੇ ਤੱਕ, 24-25 ਦਸੰਬਰ ਕ੍ਰਿਸਮਿਸ ਦੀ ਪੂਰਵ ਸੰਧਿਆ ’ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਅਤੇ ਇਸੇ ਤਰ੍ਹਾਂ 31 ਦਸੰਬਰ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਤੋਂ ਪਹਿਲਾਂ ਅਤੇ ਬਾਅਦ ’ਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਚਲਾਉਣ ’ਤੇ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਾਇਲੈਂਸ ਜੋਨ ਜਿਵੇਂ ਕਿ ਵਿੱਦਿਅਕ ਸੰਸਥਾਵਾਂ, ਹਸਪਤਾਲਾਂ, ਅਦਾਲਤਾਂ, ਧਾਰਮਿਕ ਥਾਵਾਂ ਆਦਿ ਦੇ ਨਜ਼ਦੀਕ ਪਟਾਖ਼ੇ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਵਿਅਕਤੀ ਨੂੰ ਮਾਰੀ ਗੋਲੀ

ਹੁਕਮਾਂ ’ਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਆਮ ਤੌਰ ਤੇ ਪਟਾਖ਼ੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫ਼ੈਲਦਾ ਹੈ। ਤਿਉਹਾਰਾਂ ਸਮੇਂ ਪਟਾਖੇ ਆਦਿ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜਨ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਇਸ ਸੰਭਾਵਿਤ ਖਤਰੇ ਤੋਂ ਬਚਣ ਲਈ ਜ਼ਿਲਾ ਤਰਨਤਾਰਨ ਅੰਦਰ ਪਟਾਖ਼ੇ, ਆਤਿਸ਼ਬਾਜ਼ੀ ਆਦਿ ਬਨਾਉਣ, ਸਟੋਰ ਕਰਨ ਅਤੇ ਖਰੀਦਣ/ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ।

ਇਸ ਤੋਂ ਇਲਾਵਾ ਦੇਸ਼ ਅੰਦਰ ਵੱਖ-ਵੱਖ ਥਾਵਾਂ ’ਤੇ ਗੈਰ ਕਾਨੂੰਨੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋ ਰਹੀ ਹੈ, ਜਿਸ ਵਿਚ ਕੈਮੀਕਲ ਪੋਟਾਸ਼ੀਅਮ ਕਲੋਰੇਟ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਇਸ ਨਾਲ ਬਹੁਤ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਇਹ ਵਾਤਾਵਰਣ ਅਤੇ ਸਿਹਤ ਲਈ ਵੀ ਹਾਨੀਕਾਰਕ ਹੈ।

ਇਸ ਲਈ ਸਮੇਂ ਦੀ ਨਜ਼ਾਕਤ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਗੈਰ ਕਾਨੂੰਨੀ ਧਮਾਕਾਖੇਜ਼ ਸਮੱਗਰੀ ਬਨਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਪਟਾਖ਼ੇ ਚਲਾਉਣ ਦੇ ਸਮੇਂ ਵਿਚ ਮਾਣਯੋਗ ਸੁਪਰੀਮ ਕੋਰਟ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਕੇ ਚਲਾਏ ਜਾ ਸਕਣਰੀ ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News