ਧਨੌਲਾ ਨੇ ਸਰਕਲ ਕੋਟਧਰਮੂ ਐੱਸ.ਸੀ ਮੋਰਚਾ ਦੇ ਆਗੂ ਕੀਤੇ ਨਿਯੁਕਤ
Tuesday, Jun 09, 2020 - 02:34 PM (IST)
ਮਾਨਸਾ(ਮਿੱਤਲ) - ਭਾਰਤੀ ਜਨਤਾ ਪਾਰਟੀ ਸਰਕਲ ਕੋਟਧਰਮੂ ਦੀ ਅਹਿਮ ਮੀਟਿੰਗ ਬੀ.ਜੇ.ਪੀ ਦੇ ਜਿਲ੍ਹਾ ਨਵ-ਨਿਯੁਕਤ ਇੰਚਾਰਜ ਸੁਖਵੰਤ ਸਿੰਘ ਧਨੌਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਅਤੇ ਹਰ ਵਰਗ ਨੂੰ ਨੁਮਾਇੰਦਗੀ ਦੇਣ ਲਈ ਵਿਚਾਰ ਚਰਚਾ ਹੋਈ। ਜਸਵਿੰਦਰ ਸਿੰਘ ਨੂੰ ਐੱਸ.ਸੀ ਮੋਰਚਾ ਸਰਕਲ ਕੋਟਧਰਮੂ ਦਾ ਪ੍ਰਧਾਨ ਅਤੇ ਜਸਪਾਲ ਕੌਰ ਨੂੰ ਮਹਿਲਾ ਐੱਸ.ਸੀ ਮੋਰਚਾ ਸਰਕਲ ਕੋਰਧਰਮੂ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਸਰਦੂਲਗੜ੍ਹ ਦੇ ਪ੍ਰਧਾਨ ਅਮਰਜੀਤ ਸਿੰਘ ਕਟੋਦੀਆ ਨੇ ਸ: ਸੁਖਵੰਤ ਸਿੰਘ ਧਨੌਲਾ ਨੂੰ ਮਾਨਸਾ ਜਿਲ੍ਹੇ ਦਾ ਇੰਚਾਰਜ ਲਾਉਣ ਤੇ ਹਾਈ-ਕਮਾਂਡ ਦਾ ਧੰਨਵਾਦ ਕਰਦਿਆਂ ਕਟੋਦੀਆ ਨੇ ਕਿਹਾ ਕਿ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਹਰ ਘਰ ਦੇ ਬੂਹੇ ਤੱਕ ਪਹੁੰਚਾਇਆ ਜਾਵੇਗਾ।
ਸ: ਸੁਖਵੰਤ ਸਿੰਘ ਧਨੌਲਾ ਨੇ ਕਿਹਾ ਕਿ ਜੋ ਕਾਂਗਰਸ ਸਰਕਾਰ 60 ਸਾਲਾਂ ਵਿਚ ਨਹੀਂ ਕਰ ਸਕੀ। ਉਹ ਮੋਦੀ ਸਰਕਾਰ ਨੇ 7 ਸਾਲਾਂ ਵਿਚ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਫੈਲੀ ਕੋਰੋਨਾ ਬਿਮਾਰੀ ਦਾ ਭਾਵੇਂ ਕੋਈ ਇਲਾਜ ਨਹੀਂ। ਪਰ ਮੋਦੀ ਸਰਕਾਰ ਨੇ ਤਾਲਾਬੰਦੀ ਰਾਹੀਂ ਦੇਸ਼ ਦੇ ਲੋਕਾਂ ਨੂੰ ਬਚਾ ਲਿਆ ਹੈ। ਇਸ ਲਈ ਲੋਕ ਮੋਦੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਫੈਲਾਅ ਨਾ ਵਧੇ। ਇਸ ਮੌਕੇ ਜਿਲ੍ਹਾ ਪ੍ਰਧਾਨ ਮੱਖਣ ਲਾਲ, ਬੀ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਕਟੋਦੀਆ, ਜਿਲ੍ਹਾ ਜਰਨਲ ਸਕੱਤਰ ਅਜੈਬ ਸਿੰਘ ਹੋਡਲਾ, ਮੰਡਲ ਪ੍ਰਧਾਨ ਪਾਲ ਸਿੰਘ, ਮਾਧੋ ਮੁਰਾਰੀ, ਸਰਪੰਚ ਸਮਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।