ਧੌਲਾ ਵਾਸੀਆਂ ਨੇ ਪੋਲਿੰਗ ਬੂਥਾਂ ਤੋਂ ਕੁਝ ਦੂਰੀ ’ਤੇ ਲਾਇਆ ਧਰਨਾ

Thursday, Sep 20, 2018 - 01:11 AM (IST)

ਧੌਲਾ ਵਾਸੀਆਂ ਨੇ ਪੋਲਿੰਗ ਬੂਥਾਂ ਤੋਂ ਕੁਝ ਦੂਰੀ ’ਤੇ ਲਾਇਆ ਧਰਨਾ

ਤਪਾ ਮੰਡੀ, (ਮਾਰਕੰਡਾ, ਰਜਿੰਦਰ)- ਪਿੰਡ ਧੌਲਾ ਵਾਸੀਆਂ ਵੱਲੋਂ ਅਕਾਲੀ ਦਲ ਅਤੇ ਕਾਂਗਰਸ ਦੇ ਬਾਈਕਾਟ ਦੇ ਬਾਵਜੂਦ ਪਾਰਟੀ ਵਰਕਰਾਂ ਵੱਲੋਂ ਪੋਲਿੰਗ ਬੂਥ ਲਾਏ ਗਏ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਮੌਜੂਦਾ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮਦੀਵਾਰਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ। ਪਿੰਡ ਵਾਸੀਆਂ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਸੀ ਕਿ ਅਕਾਲੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਹੈ। ਮੌਜੂਦਾ ਕਾਂਗਰਸ ਸਰਕਾਰ ’ਤੇ ਬਰਗਾਡ਼ੀ ਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਸਨ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਚੋਣ ਬਾਈਕਾਟ ਦੇ ਪੋਸਟਰ ਲਾਏ ਸਨ ਅਤੇ ਵਿਸ਼ਾਲ ਰੋਸ ਮਾਰਚ ਵੀ ਕੀਤੇ ਸਨ। ਧਰਨਾਕਾਰੀ ਇਸ ਗੱਲ ਤੋਂ ਵੀ ਨਾਰਾਜ਼ ਸਨ ਕਿ ਕਾਂਗਰਸ ਦੀ ਟਿਕਟ ’ਤੇ ਸੌਦਾ ਸਾਧ ਦਾ ਚੇਲਾ ਚੋਣ ਲਡ਼ ਰਿਹਾ ਹੈ। ਅੱਜ ਸਵੇਰੇ ਪਿੰਡ ਵਾਸੀ ਇਕੱਤਰ ਹੋ ਕੇ ਪੋਲਿੰਗ ਬੂਥ ਦੇ ਨਜ਼ਦੀਕ ਬੈਠ ਗਏ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਠਾ ਦਿੱਤਾ, ਜਿਸ ਤੋਂ ਬਾਅਦ ਧਰਨਾਕਾਰੀ ਪੋਲਿੰਗ ਬੂਥ ਤੋਂ ਮਹਿਜ਼ ਦੋ ਸੌ ਮੀਟਰ ਦੂਰੀ ’ਤੇ ਧਰਨਾ ਲਾ ਕੇ ਬੈਠ ਗਏ।  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ’ਚ ਪਿੰਡ ਦਾ ਕੋਈ ਟਾਵਾਂ-ਟਾਵਾਂ ਵੋਟਰ ਹੀ ਮਤਦਾਨ ਲਈ ਆ ਰਿਹਾ ਸੀ। ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਿਸੇ ਨੂੰ ਵੋਟ ਨਹੀਂ ਪਾਈ। ਉਨ੍ਹਾਂ ਦਾ ਸ਼ਾਂਤਮਈ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਅਮਨ-ਕਾਨੂੰਨ ਸਬੰਧੀ ਜਦੋਂ ਥਾਣਾ ਰੂਡ਼ੇਕੇ ਕਲਾਂ ਦੇ ਮੁਖੀ ਕਮਲਜੀਤ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹਨ ਅਤੇ ਪ੍ਰਦਰਸ਼ਨਕਾਰੀ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ।
 


Related News