ਬੇਅਦਬੀ ਕਾਂਡ 'ਚ ਡੇਰਾ ਸੱਚਾ ਸੌਦਾ ਵੱਲੋਂ ਦਾਇਰ ਅਰਜ਼ੀ 'ਤੇ ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਲਿਖਤੀ ਜਵਾਬ

Monday, Sep 05, 2022 - 02:33 PM (IST)

ਫਰੀਦਕੋਟ (ਜਗਤਾਰ) : ਸਾਲ 2015 ਦੇ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਨੇ ਫਰੀਦਕੋਟ ਦੀ ਅਦਾਲਤ 'ਚ ਅੱਜ ਅਰਜ਼ੀ ਦਾਖ਼ਲ ਕੀਤਾ ਹੈ।  ਜਿਸ ਵਿੱਚ ਕਿਹਾ ਗਿਆ ਹੈ ਕਿ ਘਟਨਾ ਦੀ ਜਾਂਚ ਕਰ ਰਹੀ SIT ਵੱਲੋਂ ਗ੍ਰਿਫਤਾਰ ਕੀਤੇ ਰੁਪਿੰਦਰ ਸਿੰਘ ਅਤੇ ਉਸਦੇ ਭਰਾ ਜਸਵਿੰਦਰ ਸਿੰਘ ਦਾ ਰਿਕਾਰਡ ਮੰਗਵਾਉਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵੇਂ ਭਰਾਵਾਂ ਨੂੰ ਬਰਗਾੜੀ ਬੇਅਦਬੀ ਕਾਂਡ ਤੋਂ ਕੁਝ ਦਿਨਾਂ ਬਾਅਦ ਕਾਲ ਰਿਕਾਰਡਿੰਗ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਿੱਖ ਸੰਗਤਾਂ ਤੇ ਸਿਆਸੀ ਦਬਾਅ ਹੋਣ ਕਾਰਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਨੇ ਸਾਰੇ ਰਿਕਾਰਡਾਂ ਨੂੰ ਕਾਰਵਾਈ 'ਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ ਹੈ। ਇਸ ਸੰਬੰਧੀ ਜੁਡੀਸ਼ਲ ਮੈਜਿਸਟਰੇਟ ਮੋਨਿਕਾ ਲਾਂਬਾਂ ਨੇ ਆਪਣੇ ਹੁਕਮ 'ਚ ਪੰਜਾਬ ਸਰਕਾਰ ਨੂੰ ਤਲਬ ਕੀਤਾ ਹੈ ਅਤੇ 22 ਸਤੰਬਰ ਨੂੰ ਇਸ ਮਾਮਲੇ 'ਚ ਆਪਣਾ ਲਿਖਤੀ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਸਾਰਜ ਸੰਧੂ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਪੁਲਸ ਨੂੰ ਪਈਆਂ ਭਾਜੜਾਂ

ਜ਼ਿਕਰਯੋਗ ਹੈ ਕਿ 2015 'ਚ ਇਸ ਮਾਮਲੇ ਦੀ ਜਾਂਚ ਕਰ ਰਹੀ SIT ਨੇ ਬਰਗਾੜੀ ਬੇਅਦਬੀ ਕਾਂਡ ਦੇ ਕੁਝ ਦਿਨਾਂ ਬਾਅਦ ਕਾਲ ਰਿਕਾਰਡਿੰਗ ਦੇ ਆਧਾਰ 'ਚੇ ਪਿੰਡ ਪੰਜਗਰਾਈ ਦੇ ਦੋ ਨੌਜਵਾਨ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ SIT ਨੇ ਦਾਅਵਾ ਕੀਤੀ ਸੀ ਕਿ ਦੋਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਸਨ ਪਰ ਇਸ ਤੋਂ ਕੁਝ ਦਿਨਾਂ ਬਾਅਦ ਹੀ ਦੋਵਾਂ ਨੂੰ ਬੇਕਸੂਰ ਸਾਬਤ ਕਰਦਿਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਇਸ ਲਈ ਡੇਰੀ ਮੁਖੀ ਨੇ ਹੁਣ ਅਦਾਲਤ 'ਚ ਅਰਜ਼ੀ ਪੇਸ਼ ਕਰਕੇ SIT ਦੀ ਰਿਪੋਰਟ ਨੂੰ ਅਦਾਲਤ 'ਚ ਪੇਸ਼ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਦੋਵੇਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਸ ਵਿੱਚ ਦੋਵੇਂ ਬੇਕਸੂਰ ਸਾਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਜਦੋਂ ਪੰਜਾਬ ਸਰਕਾਰ ਵੱਲੋਂ ਨਵੀਂ SIT ਬਣਾਉਣ 'ਤੇ ਡੇਰਾ ਮੁਖੀ ਸਮੇਤ 9 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ ਤਾਂ ਉਸ ਵੇਲੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਕਲੀਨ ਚੀਟ ਦੇ ਦਿੱਤੀ ਗਈ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News