ਡੇਢ ਕਰੋੜ ਦੀ ਹੈਰੋਇਨ ਸਣੇ ਡੇਰਾ ਸੰਚਾਲਕ 3 ਸਾਥੀਆਂ ਸਮੇਤ ਗ੍ਰਿਫਤਾਰ

Friday, May 08, 2020 - 09:37 PM (IST)

ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਨੇ ਬੀਤੀ ਰਾਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਡੇਰਾ ਸੰਚਾਲਕ ਬਾਬੇ ਸਮੇਤ 4 ਨਸ਼ਾ ਸਮੱਗਲਰਾਂ ਨੂੰ ਡੇਢ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਏ. ਆਈ. ਜੀ. ਜਲੰਧਰ ਰੇਂਜ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਆਰਤੀ ਚੌਕ ਫਿਰੋਜ਼ਪੁਰ ਰੋਡ ’ਤੇ ਮੌਜੁੂਦ ਸੀ ਤਾਂ ਉਸੇ ਸਮੇਂ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਕ ਆਈ-10 ਕਾਰ ਵਿਚ ਸਵਾਰ ਹੋ ਕੇ ਕੁੱਝ ਲੋਕ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ। ਜਿਸ ’ਤੇ ਐੱਸ. ਟੀ. ਐੱਫ. ਦੇ ਐੱਸ. ਆਈ. ਸੁਰਿੰਦਰ ਸਿੰਘ ਦੀ ਟੀਮ ਨੇ ਸਪੈਸ਼ਲ ਨਾਕਾਬੰਦੀ ਕਰ ਕੇ ਇਕ ਕਾਰ ਨੂੰ ਚੈਕਿੰਗ ਲਈ ਰੋਕਿਆ ਜਿਸ ਵਿਚ 4 ਵਿਅਕਤੀ ਸਵਾਰ ਸਨ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਚਾਰੇ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਬਾਬਾ ਭਗਵਾਨ ਸਿੰਘ ਹੈਪੀ (34) ਪੁੱਤਰ ਸੰਤ ਅਮਰਜੀਤ ਸਿੰਘ ਵਾਸੀ ਹਨੁੂਮਾਨਗੜ੍ਹ (ਰਾਜਸਥਾਨ) ਹਾਲ ਵਾਸੀ ਰਿਸ਼ੀ ਆਸ਼ਰਮ, ਡੇਰਾ ਕੋਠੀ ਨਾਹਰ ਸਿੰਘ ਲੋਪੋਂ, ਜਗਰਾਓਂ, ਸ਼ਨੀ (33) ਪੁੱਤਰ ਚਰਨਜੀਤ ਸਿੰਘ ਵਾਸੀ ਰਾਜੂ ਕਾਲੋਨੀ, ਟਿੱਬਾ ਰੋਡ, ਗੌਰਵ ਕੁਮਾਰ (27) ਪੁੱਤਰ ਨਰਿੰਦਰ ਕੁਮਾਰ ਵਾਸੀ ਪ੍ਰੇਮ ਵਿਹਾਰ, ਟਿੱਬਾ ਰੋਡ ਅਤੇ ਧਮਿੰਦਰ ਸਿੰਘ (35) ਪੁੱਤਰ ਗੁਰਮੇਲ ਸਿੰਘ ਵਾਸੀ ਕਾਉਂਕੇ ਖੋਸੇ ਵਜੋਂ ਕੀਤੀ ਗਈ ਹੈ, ਜਿਨ੍ਹਾਂ ਖਿਲਾਫ ਥਾਣਾ ਮੋਹਾਲੀ ਐੱਸ. ਟੀ. ਐੱਫ. ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਂਚ ਅÎਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਮੁਜ਼ਰਮ ਗੌਰਵ ਕੁਮਾਰ ਟੋਨੀ ਦੀ ਨਿਸ਼ਾਨਦੇਹੀ ’ਤੇ ਟਿੱਬਾ ਰੋਡ ’ਤੇ ਇਕ ਹੋਰ ਕਾਰ ਨੂੰ ਬਰਾਮਦ ਕੀਤਾ ਗਿਆ, ਜਿਸ ਦੀ ਡਿੱਕੀ ਵਿਚ ਪਲਾਸਟਿਕ ਦੇ ਖਿਡੌਣਿਆਂ ’ਚੋਂ 5 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੁੱਲ ਕੀਮਤ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬਾਬਾ ਭਗਵਾਨ ਸਿੰਘ ਹੈਪੀ ਨੇ ਬਣਾ ਰੱਖਿਆ ਹੈ ਡੇਰਾ

ਏ. ਆਈ. ਜੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਬਾਬਾ ਭਗਵਾਨ ਸਿੰਘ ਹੈਪੀ ਨੇ ਜਗਰਾਓਂ ਨੇੜੇ ਲੋਪੋਂ ਵਿਚ ਰਿਸ਼ੀ ਆਸ਼ਰਮ ਨਿਰਮਲ ਕੁਟੀਆ ਦਾ ਡੇਰਾ ਬਣਾ ਰੱਖਿਆ ਹੈ, ਜਿਸ ਦਾ ਉਹ ਮੁੱਖ ਸੰਚਾਲਕ ਹੈ। ਮੁਜ਼ਰਮ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ ਅਤੇ ਹੈਰੋਇਨ ਦੀ ਖੇਪ ਦਿੱਲੀ ਤੋਂ ਨਾਈਜ਼ੀਰੀਅਨ ਤੋਂ ਥੋਕ ਦੇ ਭਾਅ ਖਰੀਦ ਕੇ ਲਿਆਏ ਹਨ, ਜਿਸ ਨੂੰ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਹਨ। ਇਹ ਪਿਛਲੇ 3 ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਹੇ ਸਨ।

ਪੰਜਾਬ ਪੁਲਸ ਦੇ ਹੋਮਗਾਰਡ ਅਤੇ ਉਸ ਦੇ ਸਾਥੀ ਨੂੰ ਕੀਤਾ ਨਾਮਜ਼ਦ

ਏ. ਆਈ. ਜੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਜ਼ਰਮਾਂ ਨੇ ਦੱਸਿਆ ਕਿ ਉਹ ਇਕ ਹੈਰੋਇਨ ਦੀ ਖੇਪ ਹੋਮਗਾਰਡ ਦੇ ਮੁਲਾਜ਼ਮ ਜਤਿੰਦਰ ਕੁਮਾਰ ਪੁੱਤਰ ਸ਼ਾਹ ਜੀ ਵਾਸੀ ਮਾਂਗਟ ਮਿਹਰਬਾਨ ਅਤੇ ਉਸ ਦੇ ਸਾਥੀ ਭਾਰਤੀ ਬਾਬਾ ਪੁੱਤਰ ਨੰਦ ਕਿਸ਼ੋਰ ਵਾਸੀ ਜਨਤਾ ਕਾਲੋਨੀ ਜੋਧੇਵਾਲ ਨੂੰ ਦੇ ਕੇ ਆਏ ਹਨ, ਜਿਸ ਤੋਂ ਬਾਅਦ ਉਕਤ ਦੋਵੇਂ ਮੁਜ਼ਰਮਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਜਤਿੰਦਰ ਕੁਮਾਰ ਲੁਧਿਆਣਾ ਵਿਚ ਹੀ ਤਾਇਨਾਤ ਹੈ।


Bharat Thapa

Content Editor

Related News