ਡਿਪਟੀ ਕਮਿਸ਼ਨਰ ਨੇ ਸਰਪੰਚਾਂ, ਨੰਬਰਦਾਰਾਂ ਅਤੇ ਯੁਵਕ ਕਲੱਬਾਂ ਨਾਲ ਕੀਤੀ ਮੀਟਿੰਗ

10/21/2019 8:34:37 PM

ਮਾਨਸਾ, (ਮਿੱਤਲ)- 12 ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨਾ ਯਕੀਨੀ ਬਣਾਉਣ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਆਸਾਨੀ ਨਾਲ ਬਣਾਉਣ ਅਤੇ ਵੇਚਣ ਲਈ ਕਿਸਾਨਾਂ ਨੂੰ ਖੇਤ ਦੀ ਰਹਿੰਦ-ਖੂੰਹਦ ਤੋਂ ਆਮਦਨੀ ਮੁਹੱਈਆ ਕਰਵਾਉਣ ਲਈ ਇਨ੍ਹਾਂ ਪਿੰਡਾਂ ਵਿਚ ਬੇਲਰ ਮੁਹੱਈਆ ਕਰਵਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਮਾਨਸਾ ਦੇ ਇਨ੍ਹਾਂ 12 ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਅਤੇ ਯੁਵਕ ਕਲੱਬਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਤਕਰੀਬਨ 10530 ਏਕੜ ਵਾਲੇ ਰਕਬੇ ਵਿਚ ਪਰਾਲੀ ਨਾ ਸੜਨ ਦੀ ਉਮੀਦ ਹੈ।
ਇਨ੍ਹਾਂ ਪਿੰਡਾਂ ਵਿਚ ਭਾਈ ਦੇਸਾ, ਬੁਰਜ ਢਿੱਲਵਾਂ, ਘਰਾਂਗਣਾਂ, ਰਮਦਿੱਤੇ ਵਾਲਾ, ਖੀਵਾ ਖੁਰਦ, ਮੌਜੋ ਕਲਾਂ, ਖੀਵਾ ਮੀਆਂ ਸਿੰਘ ਵਾਲਾ, ਚੱਕ ਅਲੀਸ਼ੇਰ, ਝੰਡਾ ਖੁਰਦ, ਚਚੋਹਰ, ਖੀਵੀ ਚਹਿਲਾਂਵਾਲੀ, ਅਤੇ ਖੈਰਾ ਖੁਰਦ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਹਰੇਕ ਪਿੰਡ ਲਈ ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਰੋਜ਼ਾਨਾ ਬੇਲਰ ਰਾਹੀਂ ਕੀਤੀ ਕਟਾਈ ਅਤੇ ਬਾਕੀ ਰਹਿੰਦੇ ਏਰੀਏ ਦੀ ਰਿਪੋਰਟ ਕਰਨਗੇ। ਬਿਹਤਰ ਸਹਿਯੋਗ ਲਈ ਪਿੰਡਾਂ ਨੂੰ ਸਬੰਧਤ ਨੋਡਲ ਅਫ਼ਸਰਾਂ ਦੇ ਫੋਨ ਨੰਬਰ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ, ਨਹਿਰੂ ਯੁਵਾ ਕੇਂਦਰ ਤੋਂ ਸ੍ਰੀ ਸੰਦੀਪ ਸਿੰਘ ਘੰਡ, ਜਨਰਲ ਮੈਨੇਜਰ ਸ੍ਰੀ ਤੇਜਪਾਲ ਸਿੰਘ, ਖੇਤੀਬਾੜੀ ਵਿਕਾਸ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਅਤੇ ਸਰਪੰਚ ਮੌਜੂਦ ਸਨ।  


Bharat Thapa

Content Editor

Related News