ਮੋਗਾ ''ਚ ਡੇਂਗੂ ਦੀ ਦਸਤਕ, ਰਾਊਕੇ ਕਲਾਂ ਦੀ ਔਰਤ ਆਈ ਪਾਜ਼ੇਟਿਵ
Wednesday, Jun 10, 2020 - 01:02 AM (IST)
ਮੋਗਾ, (ਸੰਦੀਪ ਸ਼ਰਮਾ)- ਕੋਰੋਨਾ ਦਾ ਖੌਫ ਹਾਲੇ ਲੋਕਾਂ ਦੇ ਦਿਲ-ਦਿਮਾਗ 'ਚੋਂ ਖਤਮ ਨਹੀਂ ਹੋਇਆ ਅਤੇ ਹੁਣ ਡੇਂਗੂ ਦਾ ਸੀਜ਼ਨ ਸ਼ੁਰੂ ਹੋਣ ਨਾਲ ਸਿਹਤ ਵਿਭਾਗ ਦੇ ਨਾਲ-ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਵਧਣ ਜਾ ਰਹੀਆਂ ਹਨ। ਮੋਗਾ ਜ਼ਿਲੇ 'ਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਸੀਜ਼ਨ ਦਾ ਪਹਿਲਾ ਕੇਸ ਪਿੰਡ ਰਾਊਕੇ ਕਲਾਂ ਤੋਂ ਪਾਜ਼ੇਟਿਵ ਆ ਚੁੱਕਾ ਹੈ, ਜਿਸ ਦੀ ਰਿਪੋਰਟ ਸਿਹਤ ਵਿਭਾਗ ਮੋਗਾ ਨੂੰ ਮੈਡੀਕਲ ਕਾਲਜ ਫਰੀਦਕੋਟ ਤੋਂ ਭੇਜੀ ਗਈ ਹੈ, ਜਿੱਥੇ ਇਹ 40 ਸਾਲਾ ਔਰਤ ਕੁੱਝ ਦਿਨ ਪਹਿਲਾਂ ਕੈਂਸਰ ਦੇ ਇਲਾਜ ਲਈ ਦਾਖਲ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਇਹ ਔਰਤ ਕੈਂਸਰ ਤੋਂ ਪੀੜਤ ਹੈ ਅਤੇ ਇਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਚੱਲ ਰਿਹਾ ਹੈ, ਜਿੱਥੇ ਬੁਖਾਰ ਦੀ ਸ਼ਿਕਾਇਤ ਹੋਣ 'ਤੇ ਇਸ ਦਾ ਡੇਂਗੂ ਟੈਸਟ ਕੀਤਾ ਗਿਆ ਸੀ, ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੀ ਰਿਪੋਰਟ ਮਿਲਣ 'ਤੇ ਸਿਹਤ ਵਿਭਾਗ ਤੁਰੰਤ ਹਰਕਤ 'ਚ ਆਇਆ ਅਤੇ ਅੱਜ ਮਰੀਜ਼ ਦੇ ਘਰ ਦੇ ਆਲੇ-ਦੁਆਲੇ 100 ਘਰਾਂ ਦਾ ਐਂਟੋਮੋਲੋਜੀਕਲ ਸਰਵੇ ਕੀਤਾ ਗਿਆ। ਜ਼ਿਲਾ ਐਪੀਡੀਮੋਲੋਜਿਸਟ ਡਾ. ਮੁਨੀਸ਼ ਅਰੋੜਾ ਦੇ ਆਦੇਸ਼ਾਂ 'ਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ 'ਚ ਅੱਜ 10 ਮੈਂਬਰੀ ਟੀਮ ਵੱਲੋਂ 100 ਘਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਮਰੀਜ ਦੇ ਘਰ ਸਮੇਤ 6 ਘਰਾਂ 'ਚੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ 'ਤੇ ਟੀਮ ਵੱਲੋਂ ਨਸ਼ਟ ਕਰਵਾ ਕੇ ਪੂਰੇ ਇਲਾਕੇ 'ਚ ਲਾਰਵੀਸਾਈਡ ਦਾ ਸਪਰੇਅ ਕਰਵਾਇਆ ਗਿਆ। ਇਸ ਮੌਕੇ ਹੈਲਥ ਸੁਪਰਵਾਈਜ਼ਰ ਪਵਨ ਕੁਮਾਰ ਪੱਤੋ, ਸ਼ਮੀਮ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਗਗਨਪ੍ਰੀਤ ਸਿੰਘ ਆਦਿ ਹਾਜ਼ਰ ਸਨ।