ਬੇਕਾਬੂ ਮੋਟਰਸਾਈਕਲ-ਰੇਹੜੀ ਦਰੱਖਤ ਨਾਲ ਟਕਰਾਈ, ਚਾਲਕ ਦੀ ਮੌਤ

Sunday, Jan 22, 2023 - 09:27 PM (IST)

ਬੇਕਾਬੂ ਮੋਟਰਸਾਈਕਲ-ਰੇਹੜੀ ਦਰੱਖਤ ਨਾਲ ਟਕਰਾਈ, ਚਾਲਕ ਦੀ ਮੌਤ

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਪਿੰਡ ਤੁਰੀ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ-ਰੇਹੜੀ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਅਜੀਤ ਨਗਰ ਦਾ ਰਹਿਣ ਵਾਲਾ 42 ਸਾਲਾ ਗੁਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਸੁਖਦੇਵ ਸਿੰਘ ਜੋ ਮੋਟਰਸਾਈਕਲ-ਰੇਹੜੀ ਚਲਾਉਂਦਾ ਸੀ, ਬੀਤੀ ਰਾਤ ਪਿੰਡ ਤੁਰੀ ਵਿਖੇ ਰੇਹੜੀ ’ਤੇ ਸਾਮਾਨ ਢੋਅ ਕੇ ਸ਼ਹਿਰ ਨੂੰ ਪਰਤ ਰਿਹਾ ਸੀ ਤਾਂ ਇਸ ਦੌਰਾਨ ਭੱਠੇ ਨੇੜੇ ਮੋੜ ’ਤੇ ਉਸ ਦੀ ਮੋਟਰਸਾਈਕਲ-ਰੇਹੜੀ ਬੇਕਾਬੂ ਹੋ ਕੇ ਸੜਕ ਕਿਨਾਰੇ ਪੁਲੀ ਨਾਲ ਟਕਰਾ ਕੇ ਦਰੱਖਤ ਵਿੱਚ ਜਾ ਵੱਜੀ।

ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਪਾਰ ਕਰਦਿਆਂ ਵਾਪਰਿਆ ਭਾਣਾ, ਟ੍ਰੇਨ ਦੀ ਲਪੇਟ 'ਚ ਆਏ 3 ਨੌਜਵਾਨਾਂ ਦੀ ਦਰਦਨਾਕ ਮੌਤ

ਹਾਦਸੇ ’ਚ ਗੁਰਪ੍ਰੀਤ ਸਿੰਘ ਨੂੰ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਰਾਤ ਭਰ ਹਾਦਸੇ ਵਾਲੀ ਥਾਂ ’ਤੇ ਬੇਸੁੱਧ ਹੋ ਕੇ ਪਿਆ ਰਿਹਾ। ਸੂਚਨਾ ਮਿਲਣ ’ਤੇ ਹਾਦਸੇ ਵਾਲੀ ਥਾਂ ’ਤੇ ਪੁਲਸ ਪਾਰਟੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁੱਜ ਕੇ ਦੇਖਿਆ ਤਾਂ ਉਦੋਂ ਤੱਕ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਮਾਮਲੇ ਸਬੰਧੀ ਪੁਲਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News