ਦਿਨੇ ਭੰਗ ਪੀਤੀ, ਰਾਤ ਨੂੰ ਸ਼ਰਾਬ, ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ

Saturday, Sep 22, 2018 - 05:12 AM (IST)

ਦਿਨੇ ਭੰਗ ਪੀਤੀ, ਰਾਤ ਨੂੰ ਸ਼ਰਾਬ, ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਡੇਰਾਬੱਸੀ, (ਅਨਿਲ)- ਬੀਤੀ ਦੇਰ ਰਾਤ ਨੇੜਲੇ ਪਿੰਡ ਬਰੋਲੀ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਸ਼ਰਾਬ ਅਤੇ ਭੰਗ ਦਾ ਜ਼ਿਆਦਾ ਮਾਤਰਾ ’ਚ ਸੇਵਨ ਕਰਨ ਨਾਲ ਮੌਤ ਹੋ ਗਈ। ਦੋਵੇਂ ਮਜ਼ਦੂਰ ਬਰੋਲੀ ਪਿੰਡ ਦੇ ਕਿਸਾਨ ਸਮਸ਼ੇਰ ਸਿੰਘ ਦੀ ਮੋਟਰ ’ਤੇ ਰਹਿੰਦੇ ਸਨ। ਸ਼ੁੱਕਰਵਾਰ ਤੜਕਸਾਰ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ।  ਮ੍ਰਿਤਕਾਂ ਦੀ ਪਛਾਣ ਭਾਗਰਿਤ ਪਾਸਵਾਨ (35) ਪੁੱਤਰ ਜਗਦੀਪ ਸਿੰਘ ਤੇ ਓਕੀਨ ਪਾਸਵਾਨ (30) ਪੁੱਤਰ ਵਿਨੋਦ ਪਾਸਵਾਨ ਵਜੋਂ ਹੋਈ ਹੈ। ਤਫ਼ਤੀਸੀ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ  ਕਾਰਵਾਈ ਕਰਦਿਅਾਂ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀਅਾਂ। ਦੋਵਾਂ ਦਾ ਅੰਤਿਮ ਸੰਸਕਾਰ ਬਰੌਲੀ ਪਿੰਡ ਵਿਖੇ ਕੀਤਾ ਜਾਵੇਗਾ।   ਜਾਣਕਾਰੀ ਦਿੰਦਿਅਾਂ ਮੋਟਰ ’ਤੇ ਨਾਲ ਰਹਿੰਦੇ ਮ੍ਰਿਤਕ ਦੇ ਰਿਸ਼ਤੇਦਾਰ ਦੀਪਲਾਲ ਪਾਸਵਾਨ ਪੁੱਤਰ ਚਲਿੱਤਰ ਪਾਸਵਾਨ ਨੇ ਦੱਸਿਆ ਕਿ ਉਹ ਬਰੌਲੀ ਵਿਖੇ ਉਕਤ ਕਿਸਾਨ ਦੀ ਮੋਟਰ ’ਤੇ 40 ਸਾਲਾਂ ਤੋਂ ਰਹਿ ਰਹੇ ਹਨ। ਵੀਰਵਾਰ ਨੂੰ ਕਿਸੇ ਕਿਸਾਨ ਦੀ ਟਰਾਲੀ ਰਾਹੀਂ ਮੁਰਗੀਆਂ ਦੀ ਖ਼ਾਦ ਖੇਤਾਂ ਵਿਚ ਸੁੱਟਣ ਲਈ ਢੋਅਾ-ਢੁਆਈ ਕੀਤੀ ਜਾ ਰਹੀ ਸੀ  ਕਿ ਇਸ ਦੌਰਾਨ ਦੋਵਾਂ ਨੇ ਭੰਗ ਦਾ ਸੇਵਨ ਕਰ ਲਿਆ ਤੇ ਰਾਤ ਨੂੰ ਦੇਸੀ ਸ਼ਰਾਬ ਪੀ ਲਈ। ਸਵੇਰੇ ਤੜਕਸਾਰ ਦੋਵਾਂ ਨੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ। 


Related News