ਹੱਡਾ ਰੋੜੀ ਵਿਵਾਦ: ਮੁਰਦਾ ਪਸ਼ੂ ਸੁੱਟਣ ਆਏ ਠੇਕੇਦਾਰ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਲਾਠੀਚਾਰਜ
Thursday, Aug 30, 2018 - 11:26 AM (IST)

ਤਪਾ ਮੰਡੀ(ਸ਼ਾਮ,ਗਰਗ)— ਸਥਾਨਕ ਬਾਜੀਗਰ ਬਸਤੀ ਦੀ ਸੰਘਣੀ ਆਬਾਦੀ 'ਚ ਬਣੀ ਹੱਡਾ ਰੋੜੀ ਦਾ ਵਿਵਾਦ ਅੱਜ ਸਵੇਰੇ 5 ਵਜੇ ਦੇ ਕਰੀਬ ਉਸ ਸਮੇਂ ਗੰਭੀਰ ਬਣ ਗਿਆ, ਜਦ ਹੱਡਾ ਰੋੜੀ ਦਾ ਠੇਕੇਦਾਰ ਪੁਲਸ ਦੀ ਹਾਜ਼ਰੀ 'ਚ ਮੁਰਦਾ ਪਸ਼ੂ ਨੂੰ ਹੱਡਾ ਰੋੜੀ ਵਾਲੀ ਥਾਂ 'ਤੇ ਸੁੱਟਣ ਲਈ ਆਇਆ। ਜਿਸ ਦਾ ਬਸਤੀ ਵਾਲਿਆਂ ਨੇ ਡੱਟ ਕੇ ਵਿਰੋਧ ਕੀਤਾ ਅਤੇ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕਰ ਦਿੱਤਾ। ਇਸ ਲਾਠੀਚਾਰਜ ਵਿਚ ਇਕ ਬੱਚੇ ਸਣੇ 4 ਔਰਤਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਈ ਦਿਨਾਂ ਤੋਂ ਬਸਤੀ ਨਿਵਾਸੀ ਹੱਡਾ ਰੋੜੀ ਸੁੱਟਣ ਲਈ ਮਾਤਾ-ਦਾਤੀ ਰੋਡ 'ਤੇ ਸੜਕ ਜਾਮ ਕਰਕੇ ਵਿਰੋਧ ਕਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਹੱਲ ਨਾ ਨਿਕਲਣ ਕਾਰਨ ਲੋਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਭਰੋਸਾ ਦਿੱਤਾ ਗਿਆ ਕਿ ਹੱਡਾ ਰੋੜੀ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਪਰ ਮਸਲਾ ਹੱਲ ਕਰਨ ਦੀ ਥਾਂ ਅੱਜ ਸਵੇਰੇ 5 ਵਜੇ ਦੇ ਕਰੀਬ ਹੱਡਾ ਰੋੜੀ ਦੇ ਠੇਕੇਦਾਰ ਨੇ ਇਕ ਮੁਰਦਾ ਪਸ਼ੂ ਨੂੰ ਪੁਲਸ ਦੀ ਹਾਜ਼ਰੀ 'ਚ ਲਿਆ ਕੇ ਹੱਡਾ ਰੋੜੀ ਵਾਲੀ ਥਾਂ 'ਤੇ ਸੁੱਟ ਦਿੱਤਾ। ਜਦ ਬਸਤੀ ਨਿਵਾਸੀ ਗੋਰਾ ਦੇਵੀ, ਪੰਮੀ ਦੇਵੀ, ਬਲੋਰ ਸਿੰਘ, ਰਾਣੀ ਕੋਰ, ਸੁਰਜੀਤ ਕੋਰ, ਸਰਵਣ ਰਾਮ, ਸੰਦੀਪ ਕੌਰ, ਮਨਦੀਪ ਕੌਰ, ਕਰਮਜੀਤ ਕੌਰ, ਬਿੰਦਰ ਕੌਰ, ਗੁੱਡੀ ਦੇਵੀ, ਮਹਿੰਗੀ ਦੇਵੀ, ਪਰਮਜੀਤ ਕੌਰ, ਮਹਿੰਦਰੋ ਦੇਵੀ, ਪੰਮੀ ਦੇਵੀ ਆਦਿ ਵੱਡੀ ਗਿਣਤੀ 'ਚ ਔਰਤਾਂ, ਮਰਦ ਅਤੇ ਬੱਚੇ ਇਸ ਦਾ ਵਿਰੋਧ ਕਰ ਰਹੇ ਸੀ ਤਾਂ ਵੱਡੀ ਗਿਣਤੀ 'ਚ ਡੀ.ਐਸ.ਪੀ. ਤਪਾ ਤਜਿੰਦਰ ਸਿੰਘ, ਸੁਰਿੰਦਰ ਸਿੰਘ ਥਾਣਾ ਮੁੱਖੀ ਤਪਾ, ਗੌਰਵਬੰਸ਼ ਥਾਣਾ ਮੁੱਖੀ ਭਦੋੜ, ਮੈਡਮ ਜਸਵੀਰ ਕੋਰ ਥਾਣਾ ਮੁੱਖੀ ਸ਼ਹਿਣਾ, ਕਮਲਜੀਤ ਸਿੰਘ ਥਾਣਾ ਮੁੱਖੀ ਰੂੜੇਕੇ ਕਲਾਂ ਦੀ ਅਗਵਾਈ 'ਚ ਤਾਇਨਾਤ ਪੁਲਸ ਪਾਰਟੀ ਨੇ ਲਾਠੀਚਾਰਜ ਕਰ ਦਿੱਤਾ, ਜਿਸ 'ਚ ਗੋਰਾ ਦੇਵੀ ਪਤਨੀ ਲੰਗਰ ਰਾਮ ਸਾਬਕਾ ਕੌਂਸਲਰ, ਰੋਸ਼ਨ ਨਾਥ ਪੁੱਤਰ ਰਿੰਕੂ ਨਾਥ, ਬਿੰਦਰ ਕੋਰ,ਮਹਿੰਦਰੋ ਪਤਨੀ ਕ੍ਰਿਸ਼ਨ ਰਾਮ ਦੇ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ। ਇਸ ਦੇ ਬਾਵਜੂਦ ਵੀ ਧਰਨਾਕਾਰੀ ਅਪਣੀ ਜਿੱਦ 'ਤੇ ਅੜੇ ਰਹੇ ਕਿ ਉਹ ਮਰ ਜਾਣਗੇ ਪਰ ਹੱਡਾ ਰੋੜੀ ਵਾਲੀ ਥਾਂ ਬਦਲਾ ਕੇ ਰਹਿਣਗੇ, ਕਿਉਂਕਿ ਇੱਥੋਂ ਆ ਰਹੀ ਬਦਬੂ ਕਾਰਨ ਲੋਕ ਬੀਮਾਰ ਹੋ ਰਹੇ ਹਨ। ਬਸਤੀ ਨਿਵਾਸੀਆਂ ਨੇ ਪੰਜਾਬ ਸਰਕਾਰ, ਨਗਰ ਕੌਂਸਲ ਪ੍ਰਧਾਨ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।