ਡੀ.ਏ.ਪੀ. ਦੀ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ
Thursday, Sep 11, 2025 - 06:21 PM (IST)

ਪਟਿਆਲਾ (ਸੁਖਦੀਪ ਸਿੰਘ ਮਾਨ) : ਪਟਿਆਲਾ ਜ਼ਿਲ੍ਹੇ ਵਿਚ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਵੱਲੋਂ ਵਰਤੀ ਜਾਂਦੀ ਖਾਦ ਡੀ.ਏ.ਪੀ. ਦੀ ਕਾਲਾ ਬਾਜ਼ਾਰੀ ਰੋਕਣ ਲਈ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਪਟਿਆਲਾ ਵੱਲੋਂ ਸਖ਼ਤ ਕਦਮ ਚੁੱਕੇ ਗਏ ਹਨ। ਉਪ ਰਜਿਸਟਰਾਰ ਸੰਗਰਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਸਬੰਧੀ ਸਮੂਹ ਸਹਾਇਕ ਰਜਿਸਟਰਾਰ ਅਤੇ ਇੰਸਪੈਕਟਰਜ਼ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਆਪਣੇ ਇਲਾਕਿਆਂ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ 'ਚ ਡੀ.ਏ.ਪੀ. ਦੀ ਵਿੱਕਰੀ 'ਤੇ ਨਿਗਰਾਨੀ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਗ਼ੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਯਕੀਨੀ ਬਣਾਉਣ।
ਸੰਗਰਾਮ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਸਹਿਕਾਰੀ ਸਭਾ ਵੱਲੋਂ ਡੀ.ਏ.ਪੀ. ਦੀ ਕਾਲਾਬਾਜ਼ਾਰੀ, ਮਾਲ ਸਟੌਕ ਕਰਨਾ ਜਾਂ ਉੱਚੀ ਕੀਮਤ 'ਤੇ ਵਿਕਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਮੈਂਬਰ ਨੂੰ ਅਜਿਹੀ ਗਤੀਵਿਧੀ ਦੀ ਜਾਣਕਾਰੀ ਮਿਲਦੀ ਹੈ ਜਾਂ ਨਿਰਧਾਰਤ ਕੀਮਤ ਤੋਂ ਵੱਧ ਰੇਟ 'ਤੇ ਖਾਦ ਵੇਚੀ ਜਾਂਦੀ ਹੈ, ਤਾਂ ਉਹ ਤੁਰੰਤ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਜ਼ਿਲ੍ਹਾ ਪਟਿਆਲਾ ਨਾਲ ਉਨ੍ਹਾਂ ਦੇ ਫੋਨ ਨੰਬਰ 81466-01618 'ਤੇ ਸੰਪਰਕ ਕਰ ਸਕਦੇ ਹਨ। ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਅੰਦਰ 4400 ਮੀਟਰਿਕ ਟਨ ਖਾਦ ਸਪਲਾਈ ਕੀਤਾ ਜਾ ਚੁੱਕਿਆ ਹੈ।ਜ਼ਿਲ੍ਹੇ ਵਿੱਚ ਖਾਦ ਦੀ ਲੋੜ ਅਨੁਸਾਰ ਪੂਰਤੀ ਲਈ ਸਰਕਾਰ ਵੱਲੋਂ ਲਾਜ਼ਮੀ ਉਪਾਅ ਕੀਤੇ ਜਾ ਰਹੇ ਹਨ।