ਦਲਿਤ ਪਰਿਵਾਰਾਂ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਕੀਤੀ ਨਾਅਰੇਬਾਜ਼ੀ
Wednesday, May 27, 2020 - 12:50 PM (IST)
ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਘਰਾਚੋਂ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਦਲਿਤ ਵਰਗ ਨਾਲ ਸਬੰਧਤ ਪਰਿਵਾਰਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਪਣੇ ਹਿੱਸੇ ਵਾਲੀ ਜ਼ਮੀਨ ਵਿਚ ਝੰਡਾ ਚਾੜ੍ਹ ਕੇ ਕਥਿਤ ਡੰਮੀ ਬੋਲੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੋਲੀ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਪਿੰਡ ਘਰਾਚੋਂ ਦੇ ਦਲਿਤ ਤੀਜੇ ਹਿੱਸੇ ਦੀ ਰਾਖਵੀਂ ਜਮੀਨ ਵਿਚ ਸਾਂਝੇ ਤੌਰ ਤੇ ਖੇਤੀ ਕਰ ਰਹੇ ਹਨ। ਤਿੱਖੇ ਸੰਘਰਸ਼ਾਂ ਤੋਂ ਬਾਅਦ ਘੱਟ ਰੇਟ 'ਤੇ ਪ੍ਰਾਪਤ ਕੀਤੀ ਜ਼ਮੀਨ ਵਿਚ ਪਿੰਡ ਦੇ ਲਗਭਗ 200 ਪਰਿਵਾਰ ਹਰਾ-ਚਾਰਾ ਅਤੇ ਕਣਕ ਬੀਜ ਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਇਸ ਵਾਰ ਵੀ ਜਦੋਂ ਦਲਿਤ ਆਪਣੇ ਹਿੱਸੇ ਦੀ ਜ਼ਮੀਨ ਲੈਣਾ ਚਾਹੁੰਦੇ ਸਨ ਪ੍ਰੰਤੂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਡੰਮੀ ਬੋਲੀ ਲਾ ਕੇ ਇਸ ਜ਼ਮੀਨ ਦਾ ਰੇਟ ਕਈ ਗੁਣਾ ਵਧਾ ਕੇ ਬੋਲੀ ਦੇ ਦਿੱਤੀ ਜਦੋਂਕਿ ਬਹੁਗਿਣਤੀ ਦਲਿਤ ਭਾਈਚਾਰੇ ਦੇ ਲੋਕ ਜ਼ਮੀਨ ਘੱਟ ਰੇਟ 'ਤੇ ਲੈਣ ਦੀ ਮੰਗ ਕਰ ਰਹੇ ਸਨ।
ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਡੰਮੀ ਬੋਲੀ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਸੰਬੰਧੀ ਹਦਾਇਤਾਂ ਅਨੁਸਾਰ ਜੇ ਬਹੁਗਿਣਤੀ ਸਾਂਝੀ ਖੇਤੀ ਲਈ ਜ਼ਮੀਨ ਲੈਣਾ ਚਾਹੁੰਦੀ ਹੈ ਤਾਂ ਉਸਨੂੰ ਪਹਿਲ ਦੇ ਆਧਾਰ 'ਤੇ ਜ਼ਮੀਨ ਦੇਣੀ ਬਣਦੀ ਹੈ। ਪ੍ਰੰਤੂ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਪ੍ਰਸ਼ਾਸਨ ਵੱਲੋਂ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਜਿਸਦੇ ਖਿਲਾਫ ਅੱਜ ਦਲਿਤਾਂ ਵੱਲੋਂ ਆਪਣੇ ਹਿੱਸੇ ਦੀ ਜ਼ਮੀਨ ਵਿਚ ਝੰਡਾ ਲਹਿਰਾ ਕੇ ਕਬਜ਼ੇ ਦਾ ਐਲਾਨ ਕਰਦਿਆਂ ਡੰਮੀ ਬੋਲੀ ਰੱਦ ਕਰਕੇ ਅਸਲ ਹੱਕਦਾਰ ਲੋਕਾਂ ਨੂੰ ਜ਼ਮੀਨ ਘੱਟ ਰੇਟ ਉਪਰ ਦੇਣ ਦੀ ਮੰਗ ਕੀਤੀ। ਇਸ ਮੌਕੇ ਜ਼ਮੀਨ 'ਚ ਹਾਜਰ ਸੈਂਕੜੇ ਵਿਅਕਤੀਆਂ ਜਿਸ ਵਿਚ ਵੱਡੀ ਗਿਣਤੀ ਵਿਚ ਜਨਾਨੀਆਂ ਵੀ ਸ਼ਾਮਿਲ ਸਨ ਉਨ੍ਹਾਂ ਨੇ ਵੀ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਕੱਲ੍ਹ ਨੂੰ ਡੀ.ਸੀ ਦਫਤਰ ਸੰਗਰੂਰ ਦੇ ਘਿਰਾਓ ਵਿਚ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਇਕਾਈ ਆਗੂ ਗੁਰਚਰਨ ਸਿੰਘ, ਮਿੱਠੂ ਸਿੰਘ, ਗਗਨਦੀਪ, ਚਮਕੌਰ ਸਿੰਘ, ਗੁਰਜੰਟ ਸਿੰਘ, ਹਰਦੇਵ ਸਿੰਘ, ਜੈਪਾਲ ਅਤੇ ਜੀਤ ਸਿੰਘ ਆਦਿ ਹਾਜਰ ਸਨ।