ਪਿੰਡ ਬਹੋਨਾ ਵਿਖੇ ਵੋਟਾਂ ਕੱਟਣ ਦਾ ਮਾਮਲਾ ਭਖਿਆ
Tuesday, Dec 25, 2018 - 01:19 AM (IST)
ਮੋਗਾ, (ਗੋਪੀ)- ਪੰਜਾਬ ਵਿਚ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿੱਥੇ ਪਿੰਡਾਂ ਵਿਚ ਚੋਣਾਂ ਜਿੱਤਣ ਲਈ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲਾ ਮੋਗਾ ਦੇ ਪਿੰਡ ਬਹੋਨਾ ਵਿਖੇ ਕਥਿਤ ਤੌਰ ’ਤੇ ਸਿਆਸੀ ਪ੍ਰਭਾਵ ਕਰਕੇ ਕੱਟੀਆਂ ਗਈਆਂ ਪਿੰਡ ਵਾਸੀਆਂ ਦੀਆਂ 16 ਵੋਟਾਂ ਦਾ ਮਾਮਲਾ ਵੀ ਭਖਦਾ ਜਾ ਰਿਹਾ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਦੇ ਸਰਪੰਚ ਹਰਭਜਨ ਸਿੰਘ ਵੱਲੋਂ ਇਸ ਮਾਮਲੇ ਸਬੰਧੀ 17 ਦਸੰਬਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਲਿਖ਼ਤੀ ਸ਼ਿਕਾਇਤ ਕਰਨ ਮਗਰੋਂ ਵੀ ਮਾਮਲੇ ਦਾ ਹੱਲ ਨਾ ਹੋਣ ਤੋਂ ਖ਼ਫਾ ਹੋ ਕੇ ਹੁਣ 26 ਦਸੰਬਰ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਲਡ਼ੀਵਾਰ ਭੁੱਖ ਹਡ਼ਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਹਰਭਜਨ ਨੇ ਦੱਸਿਆ ਕਿ ਪਿੰਡ ਵਾਸੀਆਂ ਦੀਆਂ 16 ਵੋਟਾਂ ਕੱਟਣ ਸਬੰਧੀ ਉਨ੍ਹਾਂ ਲੰਘੇ ਅਕਤੂਬਰ ਮਹੀਨੇ ਬਲਾਕ ਪੰਚਾਇਤ ਅਤੇ ਵਿਕਾਸ ਅਫ਼ਸਰ ਮੋਗਾ ਨੂੰ ਲਿਖ਼ਤੀ ਸ਼ਿਕਾਇਤ ਵੀ ਦਿੱਤੀ, ਜਿਨ੍ਹਾਂ ਮਾਮਲੇ ਦਾ ਹੱਲ ਕਰਨ ਸਬੰਧੀ ਉਦੋਂ ਵੀ ਭਰੋਸਾ ਦਿੱਤਾ ਸੀ ਪਰ ਨਵੀਆਂ ਆਈਆਂ ਵੋਟਰ ਸੂਚੀਆਂ ’ਚ ਵੀ ਕੱਟੀਆਂ ਵੋਟਾਂ ਵਾਲੇ ਵੋਟਰਾਂ ਦਾ ਨਾਂ ਸ਼ਾਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਵੀ ਇਸ ਮਾਮਲੇ ਕੋਈ ਕਾਰਵਾਈ ਨਾ ਹੋਣ ’ਤੇ ਮੈਂ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦਿੱਤੀ ਤੇ 26 ਦਸੰਬਰ ਤੋਂ ਹਰ ਰੋਜ਼ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਡੀ. ਸੀ. ਦਫਤਰ ਮੋਗਾ ਅੱਗੇ ਭੁੱਖ ਹਡ਼ਤਾਲ ’ਤੇ ਬੈਠਣ ਦਾ ਨੋਟਿਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਡ਼ੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਇਕ ਪਾਸੇ ਮਾਣਯੋਗ ਹਾਈਕੋਰਟ ਵੱਲੋਂ ਵੋਟਾਂ ਕੱਟਣ ਸਬੰਧੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ 48 ਘੰਟਿਆਂ ’ਚ ਕਰਨ ਦਾ ਹੁਕਮ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਰਿਟਰਨਿੰਗ ਅਫਸਰ ਅਤੇ ਇਲੈਕਸ਼ਨ ਤਹਿਸੀਲਦਾਰ ਇਸ ਸਬੰਧੀ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥਤਾ ਜ਼ਾਹਰ ਕਰ ਰਹੇ ਹਨ।
