ਜਿਉਂਦ ਮਾਈਨਰ ''ਚ ਪਏ ਪਾੜ ਨਾਲ ਖੜ੍ਹੀ ਫ਼ਸਲ ਡੁੱਬ ਕੇ ਹੋਈ ਤਬਾਹ, ਕਿਸਾਨਾਂ ਨੇ ਦੱਸਿਆ ਨਹਿਰੀ ਵਿਭਾਗ ਦੀ ਲਾਪਰਵਾਹੀ
Friday, Dec 02, 2022 - 02:50 PM (IST)

ਤਪਾ ਮੰਡੀ (ਸ਼ਾਮ,ਗਰਗ) : ਨਹਿਰੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਪਿੰਡ ਮਹਿਤਾ ਨਜ਼ਦੀਕ ਜਿਉਂਦ ਮਾਈਨਰ 'ਚ 10 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦੇ ਖੇਤਾਂ 'ਚ ਹਰੀ ਹੋਈ ਖੜ੍ਹੀ ਕਣਕ ਦੀ ਫ਼ਸਲ ਡੁੱਬਣ ਕਾਰਨ ਤਬਾਹ ਹੋ ਗਈ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਨਹਿਰੀ ਵਿਭਾਗ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਕਿਸਾਨਾਂ ਲੀਲਾ ਸਿੰਘ ਪੁੱਤਰ ਗੁਰਨਾਮ ਸਿੰਘ,ਜਰਨੈਲ ਸਿੰਘ ਪੁੱਤਰ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਜੰਗ ਸਿੰਘ ਵਾਸੀਆਨ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਲਗਭਗ 10 ਏਕੜ ਜ਼ਮੀਨ 70 ਹਜ਼ਾਰ ਰੁਪਏ ਠੇਕੇ 'ਤੇ ਲੈ ਕੇ ਕਣਕ ਦੀ ਬੀਜਾਂਦ ਕੀਤੀ ਹੋਈ ਸੀ। ਰਾਤ ਸਮੇਂ ਨਹਿਰੀ ਵਿਭਾਗ ਵੱਲੋਂ ਰਜਵਾਹੇ ‘ਚ ਪਾਣੀ ਛੱਡ ਦਿੱਤਾ ਜਦ ਸਵੇਰ 8 ਵਜੇ ਦੇ ਕਰੀਬ ਉਹ ਖੇਤਾਂ ‘ਚ ਗੇੜਾ ਲਾਉਣ ਆਏ ਤਾਂ ਰਜਵਾਹੇ ਦੇ ਬਿਲਕੁਲ ਵਿਚਕਾਰ ਡੂੰਘਾ ਖੱਡਾ ਪੈਣ ਕਾਰਨ ਲਗਭਗ 10 ਫੁੱਟ ਪਾੜ ਪੈ ਗਿਆ। ਇਹ ਪਾੜ ਨਹਿਰੀ ਵਿਭਾਗ ਵੱਲ ਰਜਵਾਹੇ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ, ਕੂੜਾ ਪੁਲੀ ਦੇ ਹੇਠ ਇਕੱਠਾ ਹੋਣ ਕਾਰਨ ਪਿਆ ਹੈ। ਨਹਿਰੀ ਵਿਭਾਗ ਕਾਗਜਾਂ ‘ਚ ਹੀ ਸਫ਼ਾਈ ਕੀਤੇ ਦਿਖਾ ਕੇ ਸਰਕਾਰ ਨੂੰ ਮੋਟਾ ਚੂਨਾ ਲਗਾਉਂਦੇ ਹਨ।
ਇਹ ਵੀ ਪੜ੍ਹੋ- ਗੋਲਡੀ ਬਰਾੜ ਦੇ ਡਿਟੇਨ ਹੋਣ ਪਿੱਛੋਂ ਬੋਲੇ ਬਲਕੌਰ ਸਿੰਘ, ਮੇਰੇ ਨਿਸ਼ਾਨੇ ’ਤੇ ਗੋਲਡੀ, ਲਾਰੈਂਸ ਅਤੇ ਜੱਗੂ ਭਗਵਾਨਪੁਰੀਆ
ਜਦ ਇਰਦ-ਗਿਰਦ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਅਪਣੇ ਖੇਤੀ ਸੰਦਾਂ ਨੂੰ ਲੈਕੇ ਚੱਲ ਪਏ ਪਰ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਖੇਤਾਂ ‘ਚ 2-2 ਫੁੱਟ ਪਾਣੀ ਭਰ ਜਾਣ ਕਾਰਨ ਕਣਕ ਦੀ ਸਾਰੀ ਫਸਲ ਤਬਾਹ ਹੋ ਗਈ,ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪੈ ਦੀ ਫਸਲ ਡੁੱਬ ਗਈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਖੇਤਾਂ ‘ਚ ਖੜ੍ਹਾ ਪਾਣੀ 2 ਮਹੀਨੇ ਤੱਕ ਨਾ ਸੁੱਕਣ ਕਾਰਨ ਹੋਰ ਕੋਈ ਫਸਲ ਦੀ ਬੀਜਾਂਦ ਨਹੀਂ ਹੋ ਸਕਦੀ,ਜਿਸ ਤੇ ਉਨ੍ਹਾਂ ਸਰਕਾਰ ਖਿਲਾਫ ਰੋਸ਼ ਪ੍ਰਗਟ ਕਰਦਿਆਂ ਮੁਆਵਜੇ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਇਸੇ ਥਾਂ ਤੋਂ ਰਜਵਾਹੇ ‘ਚ ਪਾੜ ਪੈਣ ਨਾਲ ਕਿਸਾਨਾਂ ਦੀ ਫਸਲ ਤਬਾਹ ਹੁੰਦੀ ਹੈ,ਪਰ ਸਰਕਾਰ ਇਸ ਤੋਂ ਕੋਈ ਸਬਕ ਨਹੀਂ ਲੈ ਰਹੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।