ਕੋਰੋਨਾ ਵਾਇਰਸ ਤੋਂ ਬਚਾਓ ਸਬੰਧੀ ਜਾਗਰੂਕਤਾ ਲਈ ਪ੍ਰਚਾਰ ਵੈਨ ਕੀਤੀ ਰਵਾਨਾ
Friday, Dec 11, 2020 - 01:15 PM (IST)
ਭਗਤਾ ਭਾਈ(ਪਰਮਜੀਤ ਢਿੱਲੋਂ): ਸਿਹਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ ਅੱਜ ਕੋਰੋਨਾ ਵਾਇਰਸ ਤੋਂ ਬਚਾਓ ਅਤੇ ਜਾਗਰੂਕਤਾ ਸਬੰਧੀ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਪ੍ਰਚਾਰ ਵੈਨ 'ਚ ਲੱਗੀ ਐੱਲ. ਈ. ਡੀ ਅਤੇ ਆਡੀਓ ਰਾਹੀਂ ਬਲਾਕ ਭਗਤਾ ਦੇ ਤਕਰੀਬਨ ਸਾਰੇ ਪਿੰਡਾਂ 'ਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਸ ਰਾਹੀਂ ਲੋਕਾਂ ਨੂੰ ਕੋਰੋਨਾ ਦੀ ਦੂਜੀ ਪਾਰੀ ਦੇ ਆਉਣ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਵੱਲੋਂ ਇਸ ਵਾਇਰਸ ਤੋਂ ਬਚਾਓ ਲਈ ਸਾਵਧਾਨੀਆਂ ਵਰਤੀਆਂ ਜਾਣ।
ਬਲਾਕ ਭਗਤਾ ਅੰਦਰ ਜਾਗਰੂਕਤਾ ਪ੍ਰਚਾਰ ਵੈਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆ ਬਲਾਕ ਐਜ਼ੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਪ੍ਰਚਾਰ ਵੈਨ ਵੱਲੋਂ ਕਰੋਨਾ ਤੋਂ ਬਚਾਓ ਸੰਬਧੀ ਸੰਦੇਸ਼ ਦੇਣ ਤੋਂ ਇਲਾਵਾ ਅੱਜ ਭਗਤਾ ਦੇ ਸਰਕਾਰੀ ਹਸਪਤਾਲ ਵਿਖੇ ਸਪੈਸ਼ਲ ਕੈਂਪ ਲਗਾ ਕੇ ਸ਼ੱਕੀ ਮਰੀਜਾਂ ਦੇ ਕੋਰੋਨਾ ਸੈਂਪਲ ਵੀ ਲਏ ਗਏ। ਮਿਤੀ 12 ਦਸੰਬਰ ਨੂੰ ਭਾਈ ਰੂਪਾ, 13 ਦਸੰਬਰ ਨੂੰ ਢਪਾਲੀ ਅਤੇ 14 ਦਸੰਬਰ ਨੂੰ ਫੂਲ ਵਿਖੇ ਸਪੈਸ਼ਲ ਕੈਂਪ ਲਗਾ ਕੇ ਸ਼ੱਕੀ ਮਰੀਜਾਂ ਦੇ ਕੋਰੋਨਾ ਸੈਂਪਲ ਲਏ ਜਾਣਗੇ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਹੋਣ ਤਾਂ ਉਕਤ ਮਿਤੀਆਂ 'ਤੇ ਲੱਗੇ ਕੈਂਪਾਂ 'ਚ ਸੈਂਪਲ ਜਰੂਰ ਦੇਣੇ ਚਾਹੀਦੇ ਹਨ। ਸੈਂਪਲ ਦੀ ਰਿਪੋਰਟ ਤੁਰੰਤ ਦੇ ਦਿੱਤੀ ਜਾਵੇਗੀ।
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਤੇ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਤੋਂ ਬਚਾਓ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੈਂਪਲਿੰਗ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਵੈਨ ਬਲਾਕ ਭਗਤਾ ਅੰਦਰ ਚਾਰ ਦਿਨਾਂ ਲਈ ਰਹੇਗੀ। ਇਸ ਜਾਗਰੂਕਤਾ ਕੈਂਪ ਦੌਰਾਨ ਡਾ. ਰਾਜੀਵ ਗਰਗ, ਨਰਸਿੰਗ ਸਿਸਟਰ ਸੁਰਿੰਦਰ ਕੌਰ, ਸਿਹਤ ਸੁਪਰਵਾਈਜਰ ਨਿਰਮਲਾ ਸ਼ਰਮਾ, ਫਾਰਮੇਸੀ ਅਫ਼ਸਰ ਸਰਬਜੀਤ ਸਿੰਘ ਜਲਾਲ, ਸਹਾਇਕ ਮਲੇਰੀਆ ਅਫ਼ਸਰ ਅਮਰਜੀਤ ਸਿੰਘ, ਸਿਹਤ ਸੁਪਰਵਾਈਜਰ ਹਰਜਿੰਦਰ ਸਿੰਘ ਅਤੇ ਜਸਵੀਰ ਸਿੰਘ, ਸੀ. ਐੱਚ.ਓ ਡਾ ਹਰਦੀਪ ਸਿੰਘ, ਲੈਬ ਟੈਕਨੀਸ਼ੀਅਨ ਸੁਨੀਤਾ ਰਾਣੀ, ਫਾਰਮਾਸਿਸਟ ਸੁਖਚੈਨ ਸਿੰਘ, ਏ. ਐੱਨ. ਐੱਮ ਹਰਦੀਸ਼ ਕੌਰ, ਏ. ਐੱਨ. ਐੱਮ ਮਨਪ੍ਰੀਤ ਕੌਰ, ਜਗਮੋਹਨ ਸਿੰਘ, ਹਰਜੀਤ ਸਿੰਘ, ਬਲਾਕ ਆਂਕੜਾ ਸਹਾਇਕ ਅਵਨੀਸ਼ ਕੁਮਾਰ, ਸਿਹਤ ਕਰਮੀ ਭਗਤਾ ਅਤੇ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।