ਮੋਫਰ ਅਤੇ ਆਰ.ਨੇਤ ਨੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਲੋਕਾਂ ਨੂੰ ਕੀਤੀ ਅਪੀਲ
Sunday, Apr 05, 2020 - 06:42 PM (IST)
ਬੁਢਲਾਡਾ (ਮਨਜੀਤ) - ਮਸ਼ਹੂਰ ਪੰਜਾਬੀ ਗਾਇਕ ਆਰ.ਨੇਤ ਨੇ ਲੋਕਾਂ ਨੂੰ ਲਾਕਡਾਊਨ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਲੋਕ ਅਤੇ ਮੇਰੇ ਪਿੰਡ ਦੇ ਵਾਸੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਇਸ ਦਾ ਪੂਰਨ ਸਮਰਥਨ ਕਰਨ। ਇਸ ਦੇ ਨਾਲ ਹੀ ਉਹ ਹੋਰਨਾਂ ਲੋਕਾਂ ਨੂੰ ਵੀ ਇਸ ਹਮਾਇਤ ਵਿਚ ਸਾਥ ਦੇਣ ਦੀ ਅਪੀਲ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਜਾਬ ਸਰਕਾਰ ਵਲੋਂ ਬੰਦ ਨੂੰ ਲੈ ਕੇ ਕੀਤੇ ਲਾਗੂ ਫੈਸਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਇਸ ਲੜਾਈ ਵਿਚ ਬੀਮਾਰੀ ਅਤੇ ਜਿੱਤ ਹਾਸਲ ਕਰਨਗੇ। ਬੁਢਲਾਡਾ ਦੇ ਅਧੀਨ ਪੈਂਦੇ ਪਿੰਡ ਧੰਨਪੁਰਾ ਦੇ ਵਾਸੀ ਅਤੇ ਅੱਜ-ਕੱਲ੍ਹ ਪੰਜਾਬੀ ਗਾਇਕੀ ਵਿਚ ਧਰੁਵ ਤਾਰੇ ਵਾਂਗ ਚਮਕ ਗਾਇਕ ਆਰ.ਨੇਤ ਨੇ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਖਿਲਾਫ ਹਰ ਜੰਗ ਲੜਣ ਲਈ ਆਪਣੇ ਸੂਬੇ ਦੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ। ਉਹ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਫੈਸਲੇ ’ਤੇ ਫੁੱਲ ਚੜ੍ਹਾਉਂਦੇ ਹੋਏ ਇਸ ਭੈੜੀ ਬਿਮਾਰੀ ਨੂੰ ਭਾਜ ਦੇਣ ਲਈ ਜ਼ਿਲਾ ਪ੍ਰਸ਼ਾਸ਼ਨ ਨਾਲ ਮਿਲ ਕੇ ਸਮਾਜ ਸੇਵਾ ਦੇ ਕੰਮ ਕਰਨ।
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਾਇਕ ਆਰ.ਨੇਤ ਨੇ ਕਿਹਾ ਕਿ ਇਹ ਸਾਡੇ ਲਈ ਇਕ ਸ਼ੰਤੁਸ਼ਟੀ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਹੋਰਨਾਂ ਮੁਲਕਾਂ ਦੇ ਮੁਕਾਬਲੇ ਸਾਡੇ ਦੇਸ਼ ਅਤੇ ਸੂਬੇ ਪੰਜਾਬ ਵਿਚ ਪੈਰ ਨਹੀਂ ਪਸਾਰ ਸਕਿਆ। ਲੋਕਾਂ ਨੂੰ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਰਫਿਊ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਕੁਝ ਹੋਰ ਦਿਨ ਸਰਕਾਰ ਅਤੇ ਜ਼ਿਲਾ ਪੁਲਸ ਮੁੱਖੀ ਮਾਨਸਾ ਡਾ: ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦਾ ਸਾਥ ਦੇ ਕੇ ਇਸ ਬਿਮਾਰੀ ਨੂੰ ਇੱਥੋਂ ਭਜਾ ਦੇਣ। ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਵਚਨਬੱਧ ਹੈ। ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋੜਵੰਦਾਂ ਤੱਕ ਵਸਤਾਂ ਪਹੁੰਚਾਉਣ ਅਤੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਇਲਾਜ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੂਬੇ ਭਰ ਵਿਚ ਇਸ ਲਈ ਵਿਸ਼ੇਸ਼ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਏਕਤਾ ਅਤੇ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਸਾਬਿਤ ਕਰੇਗੀ ਕਿ ਪੰਜਾਬੀ ਕੋਰੋਨਾ ਵਾਇਰਸ ਨਾਮੀ ਬਿਮਾਰੀ ਤੇ ਜਿੱਤ ਹਾਸਲ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਤਰਸੇਮ ਸਿੰਘ ਸੇਮਾ, ਸਰਪੰਚ ਦਰਸ਼ਨ ਸਿੰਘ ਧੰਨਪੁਰਾ, ਰਣਵੀਰ ਸਿੰਘ ਗੋਬਿੰਦਪੁਰਾ ਮੌਜੂਦ ਸਨ।