ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਫਫੜੇ ਭਾਈਕੇ ਦਾ ਮੇਲਾ ਨਹੀਂ ਭਰੇਗਾ: ਪ੍ਰਧਾਨ ਬਾਦਲ

09/07/2020 12:13:36 AM

ਮਾਨਸਾ- ਭਾਈ ਬਹਿਲੋ ਸਭ ਤੋਂ ਪਹਿਲੋ ਦੀ ਨਿੱਘੀ ਯਾਦ ਵਿੱਚ ਲੱਗਣ ਵਾਲਾ ਮਾਲਵੇ ਦਾ ਪ੍ਰਸਿੱਧ ਧਾਰਮਿਕ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋ ਫਫੜੇ ਭਾਈਕੇ ਵਿਖੇ ਸਤੰਬਰ ਮਹੀਨੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਦਲ ਨੇ ਦੱਸਿਆ ਕਿ ਇਹ ਧਾਰਮਿਕ ਸਲਾਨਾ ਜੋੜ ਮੇਲਾ ਜਿੱਥੇ ਪਹਿਲਾਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੀ। ਉੱਥੇ ਹੀ ਮਾਲਵੇ ਅਤੇ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਸਹਿਤ ਇਸ ਧਾਰਮਿਕ ਸਮਾਗਮ ਵਿੱਚ ਹਾਜਰੀਆਂ ਭਰੀਆਂ ਜਾਂਦੀਆਂ ਸਨ। ਪਰ ਕੋਰੋਨਾ ਮਹਾਂਮਾਰੀ ਕਾਰਨ ਸਰਕਾਰਾਂ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਸਮੁੱਚੀ ਕਮੇਟੀ ਨੇ ਸਰਬ-ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸਮਾਗਮ ਦੌਰਾਨ ਕੋਈ ਵੀ ਸਿਆਸੀ ਕਾਨਫਰੰਸ ਅਤੇ ਉੱਚ ਪੱਧਰਾ ਖਰੀਦੋ ਫਰੋਖਤ ਵਾਲਾ ਬਜਾਰ ਵੀ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ, ਜਿਸ ਦਾ ਭੋਗ 12 ਸਤੰਬਰ ਨੂੰ ਸਵੇਰੇ ਪਾਇਆ ਜਾਵੇਗਾ। ਉਨ੍ਹਾਂ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ ਧਾਰਮਿਕ ਸਮਾਗਮ ਵਿੱਚ ਹਾਜਰੀ ਭਰਨ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇਗੀ ਅਤੇ ਨਾਲ ਹੀ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਕਿ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ। ਅਖੀਰ ਵਿੱਚ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਾਲੇ ਦਿਨ ਘਰਾਂ ਵਿੱਚ ਹੀ ਵਾਹਿਗੁਰੂ ਦਾ ਜਾਪ ਕਰਨ।


Bharat Thapa

Content Editor

Related News