ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, 62 ਨਵੇਂ ਮਾਮਲੇ ਆਏ ਸਾਹਮਣੇ

Tuesday, Aug 18, 2020 - 02:46 AM (IST)

ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, 62 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ, (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ)- ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੀ ਰਫਤਾਰ ਘਟਣ ਦੀ ਬਜਾਏ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਅੱਜ ਫਿਰ ਤੋਂ 62 ਕੇਸ ਸਾਹਮਣੇ ਆਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਜੇਲ 'ਚੋਂ ਅੱਜ ਵੀ 28 ਕੈਦੀ ਤੇ ਹਵਾਲਾਤੀ ਕੋਰੋਨਾ ਪਾਜ਼ੇਟਿਵ ਆਏ। ਜਿਸ ਕਾਰਣ ਜੇਲ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ 'ਚ ਜੇਲ 'ਚੋਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਕੋਈ ਢੁੱਕਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ 'ਚੋਂ 39 ਕੇਸ ਜਿਸ 'ਚੋਂ 28 ਕੇਸ ਜ਼ਿਲ੍ਹਾ ਜੇਲ 'ਚੋਂ ਹਨ, ਬਲਾਕ ਧਨੌਲਾ 'ਚੋਂ 7 ਕੇਸ, ਬਲਾਕ ਤਪਾ 'ਚੋਂ 11 ਕੇਸ ਅਤੇ ਬਲਾਕ ਮਹਿਲ ਕਲਾਂ 'ਚੋਂ 5 ਕੇਸ ਸਾਹਮਣੇ ਆਏ ਹਨ। ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਜੋ ਕਿ ਸੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਸੀ।

ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਲਾਸ਼ ਅੱਜ ਬਰਨਾਲਾ ਲਿਆਂਦੀ ਗਈ ਹੈ। ਸਿਹਤ ਵਿਭਾਗ ਦੀ ਟੀਮ ਨੇ ਆਪਣੀ ਦੇਖ-ਰੇਖ 'ਚ ਮ੍ਰਿਤਕ ਦਾ ਸੰਸਕਾਰ ਕਰਵਾਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਜ਼ਿਲਾ ਜੇਲ ਬਰਨਾਲਾ 'ਚ ਇੰਨੀ ਵੱਡੀ ਗਿਣਤੀ 'ਚ ਕੋਰੋਨਾ ਕੇਸ ਸਾਹਮਣੇ ਕਿਉਂ ਆ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਬੈਰਕ 'ਚ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਦੂਜੇ ਵਿਅਕਤੀ ਵੀ ਉਸਦੀ ਲਪੇਟ 'ਚ ਆ ਜਾਂਦੇ ਹਨ।

26 ਵਿਅਕਤੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ
ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ 'ਚੋਂ ਅੱਜ 26 ਵਿਅਕਤੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਉਨ੍ਹਾਂ ਦੱਸਿਆ ਕਿ ਠੀਕ ਹੋਏ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਘਰਾਂ 'ਚ ਰਹਿ ਕੇ ਸਾਵਧਾਨੀਆਂ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 20, ਮਾਲੇਰੋਕਟਲਾ ਤੋਂ 5 ਅਤੇ ਸੰਗਰੂਰ ਤੋਂ 1 ਵਿਅਕਤੀ ਨੇ ਕੋਰੋਨਾ 'ਤੇ ਫਤਿਹ ਹਾਸਲ ਕੀਤੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਸੰਗਰੂਰ ਤੋਂ 1227 ਵਿਅਕਤੀ ਕੋਵਿਡ ਨੂੰ ਹਰਾ ਕੇ ਆਪਣੇ ਘਰ ਨੂੰ ਵਾਪਸ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ 'ਚ ਹੁਣ ਤੱਕ 32 ਹਜ਼ਾਰ 21 ਸੈਂਪਲ ਲਏ ਗਏ ਹਨ ਜਿਸਦੇ 'ਚੋਂ 30 ਹਜ਼ਾਰ 33 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਮੌਜੂਦਾ ਸਮੇਂ ਐਕਟਿਵ ਪਾਜ਼ੇਟਿਵ ਕੇਸਾਂ ਦੀ ਗਿਣਤੀ 263 ਹੈ।
ਉਨਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਾਇਆ ਜਾਵੇ, ਇਕੱਠ ਵਾਲੀ ਥਾਂ 'ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਆਪਸ 'ਚ ਸਮਾਜਿਕ ਦੂਰੀ ਜ਼ਰੂਰ ਕਾਇਮ ਕੀਤੀ ਜਾਵੇ। ਉਨਾਂ ਕਿਹਾ ਕਿ ਸਾਵਧਾਨੀਆਂ ਦੇ ਨਾਲ ਹੀ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ।


author

Bharat Thapa

Content Editor

Related News