ਨਾਜਾਇਜ਼ ਸ਼ਰਾਬ ਸਣੇ 6 ਕਾਬੂ, 1 ਫਰਾਰ
Sunday, Oct 14, 2018 - 05:12 AM (IST)

ਮੋਗਾ, (ਅਾਜ਼ਾਦ)- ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 20 ਬੋਤਲਾਂ ਸ਼ਰਾਬ ਬਰਾਮਦ ਕੀਤੀ। ਐਕਸਾਈਜ਼ ਵਿਭਾਗ ਦੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦੇ ਹੋਏ ਪ੍ਰੀਤ ਨਗਰ ਮੋਗਾ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਅਾਧਾਰ ’ਤੇ ਰਣਜੀਤ ਸਿੰਘ ਉਰਫ ਮੋਨੂੰ ਨਿਵਾਸੀ ਪ੍ਰੀਤ ਨਗਰ ਨੂੰ ਗ੍ਰਿਫਤਾਰ ਕਰ ਕੇ 12 ਬੋਤਲਾਂ ਸ਼ਰਾਬ ਠੇਕਾ ਨੈਣਾ ਵਿਸਕੀ ਜੋ ਚੰਡੀਗਡ਼੍ਹ ਦੀ ਸੀ, ਬਰਾਮਦ ਕੀਤੀ। ਦੋਸ਼ੀ ਖਿਲਾਫ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਚਡ਼ਿੱਕ ਦੇ ਹੌਲਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਪਿੰਡ ਨਾਹਲ ਖੋਟੇ ਦੇ ਕੋਲ ਜਾ ਰਹੇ ਸੀ ਤਾਂ ਮੋਟਰ ਸਾਈਕਲ ਸਵਾਰ ਵਰਿੰਦਰ ਸਿੰਘ ਉਰਫ ਟੀਨੂੰ ਨਿਵਾਸੀ ਪਿੰਡ ਸਿੰਘਾਂਵਾਲਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 8 ਬੋਤਲਾਂ ਸ਼ਰਾਬ ਬਰਾਮਦ ਕੀਤੀ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੋਗਾ ਪੁਲਸ ਵੱਲੋਂ ਸ਼ਰਾਬ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੋਗਾ ਨੇ ਸ਼ਰਾਬ ਤਸਕਰੀ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਭਾਰੀ ਮਾਤਰਾ ’ਚ ਹਰਿਆਣਾ ਦੀ ਬਣੀ ਸ਼ਰਾਬ ਫਡ਼ੀ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਮੋਗਾ ’ਚ ਗਸ਼ਤ ਕਰਦੀ ਹੋਈ ਪਿੰਡ ਲੰਡੇਕੇ ਕੋਲ ਜਾ ਰਹੀ ਸੀ ਤਾਂ ਇਕ ਕਾਰ ਨੂੰ ਰੋਕ ਕੇ ਦੋ ਤਸਕਰਾਂ ਬਲਦੇਵ ਸਿੰਘ ਅਤੇ ਸੁਖਪ੍ਰੀਤ ਸਿੰਘ ਨਿਵਾਸੀ ਪਿੰਡ ਲੰਡੇਕੇ ਨੂੰ ਕਾਬੂ ਕਰ ਕੇ 40 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ। ਇਸ ਸਬੰਧ ’ਚ ਦੋਨੋਂ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਪੁਲਸ ਨੇ ਅੰਤਰਰਾਜੀ ਸ਼ਰਾਬ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਭਾਰੀ ਮਾਤਰਾ ਵਿਚ ਚੰਡੀਗਡ਼੍ਹ ਦੀ ਬਣੀ ਸ਼ਰਾਬ ਸਮੇਤ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਸ ਦਾ ਇਕ ਸਾਥੀ ਭੱਜਣ ਵਿਚ ਸਫਲ ਹੋ ਗਿਆ। ਥਾਣਾ ਅਜੀਤਵਾਲ ਦੇ ਮੁੱਖ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਅਜੀਤਵਾਲ ਇਲਾਕੇ ’ਚ ਸ਼ਰਾਬ ਸਮੱਗਲਰ ਘੁੰਮ ਰਹੇ ਹਨ, ਜਿਸ ’ਤੇ ਹੌਲਦਾਰ ਦਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਨਾਕਾਬੰਦੀ ਕੀਤੀ ਅਤੇ ਇਕ ਸਵਿਫਟ ਕਾਰ ਨੂੰ ਰੋਕਣ ’ਤੇ ਉਸ ਵਿਚੋਂ 23 ਪੇਟੀਆਂ ਸ਼ਰਾਬ , ਜੋ ਚੰਡੀਗਡ਼੍ਹ ਦੀ ਬਣੀ ਹੋਈ ਸੀ, ਬਰਾਮਦ ਹੋਈਆਂ। ਪੁਲਸ ਨੇ ਕਥਿਤ ਸਮੱਗਲਰ ਮਨਪ੍ਰੀਤ ਸਿੰਘ ਉਰਫ ਮਨੀ ਨਿਵਾਸੀ ਭਿੰਡਰ ਖੁਰਦ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ, ਜਦਕਿ ਉਸ ਦਾ ਇਕ ਸਾਥੀ ਮਨਪ੍ਰੀਤ ਸਿੰਘ ਭੱਜਣ ਵਿਚ ਸਫਲ ਹੋ ਗਿਆ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਨੀ ਦੀ ਨਿਸ਼ਾਨਦੇਹੀ ’ਤੇ 117 ਸ਼ਰਾਬ ਦੀਆਂ ਪੇਟੀਆਂ ਹੋਰ ਬਰਾਮਦ ਕੀਤੀਆਂ। ਇਸ ਸਬੰਧੀ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੱਧਨੀ ਕਲਾਂ, (ਬੱਬੀ)- ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਬੋਡੇ ਦੇ ਇਕ ਵਿਅਕਤੀ ਤੋਂ 12 ਬੋਤਲਾਂ ਸ਼ਰਾਬ ਫਡ਼ਣ ’ਚ ਸਫਲਤਾ ਪ੍ਰਾਪਤ ਕੀਤੀ ਹੈ, ਇਸ ਸਬੰਧੀ ਹੌਲਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ 6.20 ਵਜੇ ਦੇ ਕਰੀਬ ਗਸ਼ਤ ਦੌਰਾਨ ਉਨ੍ਹਾਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕਿ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 12 ਬੋਤਲਾਂ ਸ਼ਰਾਬ ਬਰਾਮਦ ਹੋਈ, ਉਕਤ ਵਿਅਕਤੀ ਦੀ ਪਹਿਚਾਨ ਤਲਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਜਰਨੈਲ ਸਿੰਘ ਮਜ੍ਹਬੀ ਸਿੱਖ ਵਾਸੀ ਬੋਡੇ ਵਜੋਂ ਹੋਈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।