ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿਕਾਸ ''ਚ ਨਹੀਂ ਕੋਈ ਦਿਲਚਸਪੀ : ਸੁਖਬੀਰ

Saturday, Feb 02, 2019 - 10:54 PM (IST)

ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿਕਾਸ ''ਚ ਨਹੀਂ ਕੋਈ ਦਿਲਚਸਪੀ : ਸੁਖਬੀਰ

ਮੋਹਾਲੀ,(ਪਰਦੀਪ)- ਪੰਜਾਬੀਆਂ ਦਾ ਵਰਲਡ ਕਬੱਡੀ ਕੱਪ ਪਿਛਲੇ ਦੋ ਸਾਲਾਂ ਤੋਂ ਬੰਦ ਹੈ, ਇਹ ਵਰਲਡ ਕੱਪ ਸੁਖਬੀਰ ਸਿੰਘ ਬਾਦਲ ਦਾ ਨਹੀਂ ਪੰਜਾਬੀਆਂ ਦਾ ਵਰਲਡ ਕੱਪ ਸੀ। ਇਹ ਗੱਲ ਅੱਜ ਪਿੰਡ ਬਾਕਰਪੁਰ ਵਿਖੇ ਪੁੱਜੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਵਿਕਾਸ 'ਚ ਰਤਾ ਭਰ ਵੀ ਦਿਲਚਸਪੀ ਨਹੀਂ ਹੈ, ਪਹਿਲਾਂ ਪੰਜਾਬ ਤੋਂ ਬਾਹਰ ਪੰਜਾਬੀ ਮਾਂ ਖੇਡ ਕਬੱਡੀ ਦੀ ਕੋਈ ਖ਼ਾਸ ਗੱਲ ਨਹੀਂ ਸੀ ਸਿਰਫ ਕ੍ਰਿਕਟ ਦੀ ਗੱਲ ਹੁੰਦੀ ਸੀ ਪਰ ਅਕਾਲੀ ਸਰਕਾਰ ਨੇ ਇਸ ਨੂੰ ਇਕ ਚੈਲੰਜ ਵਜੋਂ ਲਿਆ ਸੀ ਅਤੇ ਅਕਾਲੀ ਸਰਕਾਰ ਨੇ ਦੋ ਸਾਲਾਂ ਦੇ ਵਿਚ ਕਬੱਡੀ ਖੇਡ ਨੂੰ ਦੁਨੀਆਂ ਦੇ ਨਕਸ਼ੇ 'ਤੇ ਪ੍ਰਫੁੱਲਿਤ ਕਰ ਦਿੱਤਾ। ਜਿਸ ਸਦਕਾ ਪੰਜਾਬ ਵਿਚ ਸ਼ੁਰੂ ਕੀਤੇ ਗਏ ਵਰਲਡ ਕਬੱਡੀ ਕੱਪ ਦੇ ਵਿਚ ਸ਼ਾਮਲ ਹੋਣ ਦੇ ਲਈ 16 ਤੋਂ 17 ਮੁਲਕਾਂ ਦੀਆਂ ਕਬੱਡੀ ਟੀਮਾਂ ਭਾਗ ਲੈਣ ਆਉਣ ਲੱਗ ਪਈਆਂ ਸਨ। ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਦੇ ਲਈ ਹੀ ਅਤੇ ਹੋਰਨਾਂ ਮੁਲਕਾਂ ਦੀ ਵਿਸ਼ੇਸ਼ ਮੰਗ 'ਤੇ ਪੰਜਾਬ 'ਚੋਂ ਬਕਾਇਦਾ ਕਬੱਡੀ ਕੋਚ ਹੋਰਨਾਂ ਮੁਲਕਾਂ 'ਚ ਭੇਜੇ ਗਏ ਜਿਨ੍ਹਾਂ 'ਚ ਅਫ਼ਰੀਕਾ, ਈਰਾਨ, ਸਕਾਟਲੈਂਡ ਅਤੇ ਹੋਰ ਮੁਲਕਾਂ ਵਿਚ ਵੀ ਬੱਚਿਆਂ ਨੂੰ ਕਬੱਡੀ ਖੇਡ ਪ੍ਰਤੀ ਟ੍ਰੇਨ ਕਰਨ ਦੇ ਲਈ ਕਬੱਡੀ ਕੋਚ ਭੇਜੇ ਗਏ।

ਆਲ ਇੰਡੀਆ ਯੂਥ ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਗੂੰਗੀ ਬੋਲੀ ਸਰਕਾਰ ਹੈ। ਇਸ ਨੂੰ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੀ ਕੋਈ ਚਿੰਤਾ ਨਹੀਂ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਲੋਂ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਵਰਲਡ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ। ਕਾਂਗਰਸ ਸਰਕਾਰ ਦੇ ਆਉਂਦਿਆਂ ਸਾਰ ਹੀ ਵਰਲਡ ਕਬੱਡੀ ਕੱਪ ਦੀ ਇਸ ਪਿਰਤ ਬੰਦ ਕਰ ਦਿੱਤਾ ਗਿਆ ਜੋ ਕਿ ਸਮੁੱਚੇ ਖੇਡ ਜਗਤ ਲਈ ਮੰਦਭਾਗੀ ਗੱਲ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਬੈਦਵਾਣ ਸਪੋਰਟਸ ਕਲੱਬ ਬਾਕਰਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਬਾਕਰਪੁਰ, ਅਕਾਲੀ ਦਲ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ, ਉਘੇ ਖੇਡ ਪ੍ਰੋਮੋਟਰ ਨਰਿੰਦਰ ਸਿੰਘ ਕੰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭੁਪਿੰਦਰ ਸਿੰਘ, ਮਨਦੀਪ ਸਿੰਘ, ਜਸਪ੍ਰੀਤ ਸਿੰਘ, ਕਰਮ ਸਿੰਘ, ਹਰਜਿੰਦਰ ਸਿੰਘ, ਸਿਮਰਨਜੀਤ ਸਿੰਘ, ਬਿੰਨੀ, ਆਦਿ ਅਕਾਲੀ ਆਗੂ ਹਾਜ਼ਰ ਸਨ।
 


Related News