ਕਾਂਗਰਸ ਦੇ ਭਾਰਤ ਬੰਦ ਨੂੰ ਮਿਲਿਆ ਹੁੰਗਾਰਾ ਪਰ ਵਪਾਰੀ ਵਰਗ ਨਾਰਾਜ਼
Tuesday, Sep 11, 2018 - 06:22 AM (IST)

ਬਠਿੰਡਾ,(ਬਲਵਿੰਦਰ)- ਮੋਦੀ ਸਰਕਾਰ ਵਿਰੁੱਧ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੂੰ ਬਠਿੰਡਾ ’ਚ ਹੁੰਗਾਰਾ ਤਾਂ ਮਿਲਿਆ ਪਰ ਵਪਾਰੀ ਵਰਗ ’ਚ ਨਾਰਾਜ਼ਗੀ ਫੈਲ ਗਈ ਹੈ। ਜਿਥੇ ਕਾਂਗਰਸੀਆਂ ਨੇ ਖੁਦ ਬਾਜ਼ਾਰ ਬੰਦ ਕਰਵਾਏ, ਉਥੇ ਵਪਾਰੀਆਂ ਵਲੋਂ ਭਾਰਤ ਬੰਦ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਕਾਫੀ ਦੁਕਾਨਾਂ ਬੰਦ ਰਹੀਆਂ।
ਭਾਰਤ ਬੰਦ ਦੌਰਾਨ ਕਾਂਗਰਸੀ ਪਾਰਟੀ ਵਲੋਂ ਮਾਲ ਰੋਡ ’ਤੇ ਇਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ, ਜਿਸ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਵਪਾਰੀਆਂ ਨੂੰ ਵੀ ਬੁਲਾਇਆ ਗਿਆ। ਇਸ ਮੌਕੇ ਕਾਂਗਰਸੀ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਟੈਕਸ ਲਾ ਕੇ 52 ਮਹੀਨਿਆਂ ’ਚ 11 ਲੱਖ ਕਰੋਡ਼ ਦਾ ਮੁਨਾਫਾ ਕਮਾਇਆ ਹੈ। ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਮੋਦੀ ਸਰਕਾਰ ਨੇ ਤੇਲ ਕੀਮਤਾਂ ਨੂੰ ਅਾਸਮਾਨੀ ਚਡ਼੍ਹਾ ਦਿੱਤਾ ਹੈ। ਮਈ 2014 ’ਚ ਕੱਚੇ ਤੇਲ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ ’ਚ 107.09 ਰੁਪਏ ਪ੍ਰਤੀ ਬੈਰਲ ਸੀ, ਜੋ ਮੌਜੂਦਾ ਸਮੇਂ ਘਟ ਕੇ 73 ਰੁਪਏ ਪ੍ਰਤੀ ਬੈਰਲ ’ਤੇ ਆ ਗਈ ਹੈ। ਇਸ ਹਿਸਾਬ ਨਾਲ ਤੇਲ ਕੀਮਤਾਂ ਘਟਣੀਆਂ ਚਾਹੀਦੀਆਂ ਸਨ ਪਰ ਉਲਟਾ ਤੇਲ ਕੀਮਤਾਂ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਮੋਦੀ ਸਰਕਾਰ ਨੇ ਗੈਸ ਕੀਮਤਾਂ ’ਚ ਵੀ ਅਥਾਹ ਵਾਧਾ ਕੀਤਾ ਹੈ, ਜਿਸ ਕਾਰਨ ਮਹਿੰਗਾਈ ਵਧ ਗਈ ਹੈ।
ਇਸ ਮੌਕੇ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਡਾ. ਸੱਤਪਾਲ ਭਠੇਜਾ, ਰਾਜ ਨੰਬਰਦਾਰ, ਪਵਨ ਮਾਨੀ, ਕੇ. ਕੇ. ਅਗਰਵਾਲ, ਬਬਲੀ ਕੋਟਫੱਤਾ, ਅਸ਼ੋਕ ਕੁਮਾਰ, ਮੋਹਨ ਲਾਲ ਝੁੰਬਾ, ਮਨਦੀਪ ਕੁਮਾਰ ਝੁੰਬਾ, ਅਰੁਣ ਵਧਾਵਨ, ਟਹਿਲ ਸਿੰਘ ਸੰਧੂ, ਇੰਦਰਜੀਤ ਸਿੰਘ ਸਾਹਨੀ, ਰਾਜੂ ਭੱਠੇਵਾਲਾ, ਦਰਸ਼ਨ ਘੁੱਦਾ, ਬਲਜਿੰਦਰ ਠੇਕੇਦਾਰ, ਰਤਨ ਰਾਹੀ, ਬੌਬੀ ਜਿੰਦਲ ਆਦਿ ਨੇ ਵੀ ਸੰਬੋਧਨ ਕੀਤਾ।
ਸਰਦੂਲਗਡ਼੍ਹ ਬਾਜ਼ਾਰ ਮੁਕੰਮਲ ਰਿਹਾ ਬੰਦ
ਸਰਦੂਲਗਡ਼੍ਹ, (ਚੋਪਡ਼ਾ)- ਖੱਬੇ ਪੱਖੀਆਂ ਸਮੇਤ ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਹਰ ਰੋਜ਼ ਤੇਲ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ, ਲੱਕ ਤੋਡ਼ ਮਹਿੰਗਈ ਤੇ ਬੇਰੋਜ਼ਗਾਰੀ ਖਿਲਾਫ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਸਰਦੂਲਗਡ਼੍ਹ ਸ਼ਹਿਰ ਮੁਕੰਮਲ ਬੰਦ ਰਿਹਾ। ਖੱਬੇ ਪੱਖੀਆਂ ਵੱਲੋਂ ਬੱਸ ਅੱਡੇ ਕੋਲ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਲਾਲ ਚੰਦ ਸਰਦੂਲਗਡ਼੍ਹ ਤੇ ਕਾਮਰੇਡ ਜੁਗਰਾਜ ਸਿੰਘ ਹਰਿਕੇ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੇ ਅੱਛੇ ਦਿਨਾਂ ਵਾਅਦਾ, ਸਭ ਦੇ ਖਾਤੇ ’ਚ 15-15 ਲੱਖ ਰਪੁਏ, ਕਾਲਾ ਧੰਨ ਵਾਪਸ ਲਿਆਉਣ ਤੇ ਦੋ ਕਰੋਡ਼ ਸਾਲਾਨਾ ਨੌਕਰੀਆਂ ਦੇਣ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਬੁਲਾਰਿਆ ਨੇ ਕਿਹਾ ਵਧੀਅਾਂ ਹੋਈਅਾਂ ਤੇਲ ਕੀਮਤਾਂ ਕਾਰਨ ਟਰਾਂਸਪੋਰਟ ਦੇ ਖਰਚੇ ਵਧਣ ਕਰ ਕੇ ਮਹਿੰਗਾਈ ਹਰ ਰੋਜ਼ ਅਮਰ ਵੇਲ ਵਾਗ ਵਧਦੀ ਜਾ ਰਹੀ ਹੈ, ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਤੇਲ ਰਸੋਈ ਗੈਸ, ਪੈਟਰੋਲ, ਡੀਜ਼ਲ ਨੂੰ ਜੀ.ਐੱਸ.ਟੀ. ਦੇ ਘੇਰੇ ’ਚ ਲਿਅਾਂਦਾ ਜਾਵੇ ਤੇ ਸੂਬਾ ਸਰਕਾਰ ਵਲੋਂ ਵੀ ਆਪਣੇ ਟੈਕਸ ਘੱਟ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਇਸ ਮੌਕੇ ਸੁਰਿੰਦਰ ਕੁਮਾਰ ਫੱਤੇ ਵਾਲੇ, ਪੂਰਨ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਝੰਡਾ ਕਲਾਂ , ਨੌਜਵਾਨ ਆਗੂ ਬੰਸੀ ਲਾਲ, ਗਨੇਸ਼ ਕੁਮਾਰ ਰਾਮੂ, ਕੇਵਲ ਸਿੰਘ ਰੋਡ਼ਕੀ ਤੇ ਆਤਮਾ ਸਿੰਘ ਨੇ ਵੀ ਸੰਬੋਧਨ ਕੀਤਾ।