''ਆਪ'' ਤੇ ਪੰਜਾਬ ਏਕਤਾ ਪਾਰਟੀ ਦੇ ਕਈ ਆਗੂ ਕਾਂਗਰਸ ''ਚ ਸ਼ਾਮਲ

04/19/2019 10:58:40 PM

ਚੰਡੀਗੜ੍ਹ,(ਭੁੱਲਰ): ਸੰਗਰੂਰ ਲੋਕ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬ ਏਕਤਾ ਪਾਰਟੀ ਦੇ ਕਈ ਆਗੂਆਂ ਦੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਿਲ ਹੋ ਜਾਣ ਨਾਲ ਦੋਵਾਂ ਪਾਰਟੀਆਂ ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਡੀ ਪੱਧਰ 'ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਵੱਖ-ਵੱਖ ਵਿਰੋਧੀ ਪਾਰਟੀਆਂ ਪ੍ਰਤੀ ਪੰਜਾਬੀਆਂ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ ਕਿਉਂ ਜੋ ਇਹ ਪਾਰਟੀਆਂ ਲੋਕਾਂ ਸਾਹਮਣੇ ਸੂਬੇ ਦੇ ਵਿਕਾਸ ਲਈ ਕੋਈ ਵੀ ਏਜੰਡਾ ਜਾਂ ਪ੍ਰੋਗਰਾਮ ਰੱਖਣ ਵਿੱਚ ਅਸਫਲ ਰਹੀਆਂ ਹਨ।

 ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਦੀ ਭਲਾਈ ਵਿੱਚ ਵਿਸ਼ਵਾਸ ਰੱਖਣ ਅਤੇ ਹੋਰਨਾਂ ਪਾਰਟੀਆਂ ਦੀ ਨਾਕਾਰਤਮਕ ਨੀਤੀਆਂ ਦਾ ਵਿਰੋਧ ਕਰਨ ਵਾਲੇ ਹਮ ਖਿਆਲੀ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਕਿਉਂ ਜੋ ਸਿਰਫ ਇਹ ਪਾਰਟੀ ਹੀ ਕੌਮੀ ਤੇ ਸੂਬਾ ਪੱਧਰ 'ਤੇ ਕੀਤੇ ਹੋਏ ਵਾਅਦਿਆਂ ਨੂੰ ਪੁਗਾਉਂਦੀ ਹੈ।  ਕਾਂਗਰਸ ਵਿੱਚ ਅੱਜ ਸ਼ਾਮਲ ਹੋਣ ਵਾਲਿਆਂ ਵਿੱਚ ਪੰਜਾਬੀ ਏਕਤਾ ਪਾਰਟੀ ਦੇ ਬਰਨਾਲਾ ਦੇ ਪ੍ਰਧਾਨ ਕਾਲਾ ਢਿੱਲੋਂ ਤੇ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਸੂਰਤ ਬਾਜਵਾ, ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਖੋਂ, ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਅਤੇ ਆਪ ਲੀਡਰ ਪ੍ਰੇਮ ਗੁਪਤਾ, ਭੱਠਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਭਾਰਤ ਭੂਸ਼ਣ ਗਰਗ, ਉਪ ਪ੍ਰਧਾਨ ਰਾਜੀਵ ਮੱਖਣ, ਖਜ਼ਾਨਚੀ ਸੁਭਾਸ਼ ਗਰਗ ਅਤੇ ਇਸ ਦੇ ਲਹਿਰਾ ਬਲਾਕ ਦੇ ਪ੍ਰਧਾਨ ਸੰਦੀਪ ਗਰਗ ਸ਼ਾਮਲ ਹਨ।


Related News