CM ਮਾਨ ਤੇ ਸਿੱਖਿਆ ਮੰਤਰੀ ਨੂੰ ਭੇਜੀ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਸ਼ਿਕਾਇਤ
Tuesday, Apr 05, 2022 - 11:12 PM (IST)

ਸ਼ੇਰਪੁਰ/ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਨਾ ਵਧਾਉਣ ਅਤੇ ਕਿਤਾਬਾਂ ਦੀਆਂ ਲਿਸਟਾਂ ਬੁੱਕ ਸ਼ੈਲਰਾਂ ਨੂੰ ਦੇਣ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਸਨ, ਉਸ ਮਾਮਲੇ ਨੂੰ ਲੈ ਕੇ ਅੱਜ ‘ਜਗ ਬਾਣੀ’ ਵੱਲੋਂ ਇਕ ਬੁੱਕ ਸੈਲਰ ਦੇ ਹਵਾਲੇ ਨਾਲ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਦੀ ਚਰਚਾ ਅੱਜ ਪੂਰਾ ਦਿਨ ਸ਼ੋਸਲ ਮੀਡੀਆ ’ਤੇ ਹੁੰਦੀ ਰਹੀ। ਇਸ ਗੰਭੀਰ ਮਾਮਲੇ ਨੂੰ ਲੈ ਕੇ ਬੁੱਕ ਸੈਲਰ ਦੇ ਮਾਲਕ ਗਗਨਦੀਪ ਪੁੱਤਰ ਜੀਵਨ ਕੁਮਾਰ ਵਾਸੀ ਸ਼ੇਰਪੁਰ ਨੇ ਲਿਖਤੀ ਸ਼ਿਕਾਇਤਾਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ, ਪੰਜਾਬ ਦੇ ਸਿੱਖਿਆ ਸਕੱਤਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਭੇਜੀਆਂ ਹਨ।
ਇਹ ਵੀ ਪੜ੍ਹੋ : ਪੰਚਾਇਤੀ ਫੰਡਾਂ ’ਚ ਘਪਲੇਬਾਜ਼ੀ ਦਾ ਦੋਸ਼, ਪੰਚਾਇਤ ਸੈਕਟਰੀ ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਕਾਬੂ
ਗਗਨਦੀਪ ਸ਼ੇਰਪੁਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਵਿਧਾਨ ਸਭਾ ਹਲਕਾ ਧੂਰੀ ਜੋ ਮੁੱਖ ਮੰਤਰੀ ਪੰਜਾਬ ਦਾ ਹਲਕਾ ਪੈਂਦਾ ਹੈ, ਵਿਚ ਪ੍ਰਾਈਵੇਟ ਸਕੂਲ ਪ੍ਰਬੰਧਕਾਂ/ ਮਾਲਕਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਜ ਵੀ ਆਪਣੀਆਂ ਮਨਮਰਜ਼ੀਆਂ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ, ਵਰਦੀਆਂ ਤੇ ਸਟੇਸ਼ਨਰੀ ਦਾ ਸਾਮਾਨ ਆਦਿ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਕਿਸੇ ਵੀ ਬੁੱਕ ਸੈਲਰ ਨੂੰ ਆਪਣੀਆਂ ਕਿਤਾਬਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਸਕੂਲ ਪ੍ਰਬੰਧਕ ਆਪਣੇ ਹੀ ਤਰੀਕੇ ਨਾਲ ਕਿਤਾਬਾਂ ਦੀ ਲਿਸਟ ਬਣਾਉਂਦੇ ਹਨ ਅਤੇ ਆਪਣੀ ਨਿੱਜੀ ਦੁਕਾਨ ਉੱਪਰ ਹੀ ਇਹ ਕਿਤਾਬਾਂ ਮਿਲਦੀਆਂ ਹਨ, ਜਦਕਿ ਉਹ ਕਿਤਾਬਾਂ ਮਾਰਕੀਟ ’ਚ ਉਪਲਬਧ ਨਹੀਂ ਹੁੰਦੀਆਂ। ਇਸ ਦਾ ਕਾਰਨ ਹੈ ਕਿ ਇਹ ਲੋਕ ਬੁੱਕ ਸੈਲਰਾਂ ਨੂੰ ਆਪਣੀਆਂ ਕਿਤਾਬਾਂ ਦੀ ਲਿਸਟ ਸਮੇਂ ਤੋਂ ਪਹਿਲਾਂ ਨਹੀਂ ਦਿੰਦੇ। ਪ੍ਰਾਈਵੇਟ ਸਕੂਲ ਮਾਲਕ ਆਪਣੇ ਚਹੇਤੇ ਵਿਅਕਤੀਆਂ ਪਾਸੋਂ ਹੀ ਇਹ ਕਿਤਾਬਾਂ ਵਿਕਵਾ ਕੇ ਮੋਟੀ ਕਮਾਈ ਕਰਦੇ ਹਨ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਗਗਨਦੀਪ ਨੇ ਦੱਸਿਆ ਕਿ ਇਨ੍ਹਾਂ ਸਕੂਲ ਪ੍ਰਬੰਧਕਾਂ ਵੱਲੋਂ ਕਿਸੇ ਵੀ ਮਾਪਿਆਂ ਨੂੰ ਦਿੱਤੀਆਂ ਗਈਆਂ ਕਿਤਾਬਾਂ ਸਟੇਸ਼ਨਰੀ ਦੇ ਸਾਮਾਨ ਦਾ ਕੋਈ ਵੀ ਪੱਕਾ ਬਿੱਲ ਵਗੈਰਾ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇਹ ਮਾਮਲਾ ਵੀ ਗੰਭੀਰ ਜਾਂਚ ਦਾ ਵਿਸ਼ਾ ਹੈ। ਗਗਨਦੀਪ ਨੇ ਕਿਹਾ ਕਿ ਇਹ ਪ੍ਰਾਈਵੇਟ ਸਕੂਲ ਪ੍ਰਬੰਧਕ ਪੰਜਾਬ ਸਰਕਾਰ ਦੇ ਅਕਸ ਨੂੰ ਵੀ ਖਰਾਬ ਕਰ ਰਹੇ ਹਨ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਕੇ ਮਾਪਿਆਂ ਅਤੇ ਲੋਕਾਂ ਦਾ ਮਾਨਸਿਕ ਤੌਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਕਿਸੇ ਨਿਰਪੱਖ ਅਧਿਕਾਰੀ ਤੋਂ ਜਾਂਚ ਕਰਵਾ ਕੇ ਇਨ੍ਹਾਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।