ਤਨਖ਼ਾਹ ਦੇਣ ਦੇ ਵਾਅਦੇ ਤੋਂ ਮੁੱਕਰੇ ਕੰਪਨੀ ਪ੍ਰਬੰਧਕ, ਕਰਮਚਾਰੀਆਂ ਵਲੋਂ ਨਾਅਰੇਬਾਜ਼ੀ

10/18/2018 6:55:42 AM

ਡੇਰਾਬੱਸੀ, (ਗੁਰਮੀਤ)- ਪਿੰਡ ਸੁੰਡਰਾ ਨੇਡ਼ੇ ਸਥਿਤ ਪੈਰਾਬੋਲਿਕ ਡਰੱਗ ਕੈਮੀਕਲ ਫੈਕਟਰੀ ਦੇ ਕਰਮਚਾਰੀਆਂ ਦੀ  3-4 ਮਹੀਨਿਅਾਂ ਤੋਂ ਰੁਕੀ ਤਨਖਾਹ ਕੰਪਨੀ ਪ੍ਰਬੰਧਕਾਂ ਵਲੋਂ 10 ਅਕਤੂਬਰ ਨੂੰ ਦੇਣ ਦੇ ਕੀਤੇ ਵਾਅਦੇ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ। ਪ੍ਰਬੰਧਕਾਂ ਵਲੋਂ ਕੀਤਾ ਵਾਅਦਾ ਪੂਰਾ ਨਾ ਕਰਨ ’ਤੇ ਰੋਹ ’ਚ ਆਏ ਕਰਮਚਾਰੀਆਂ ਨੇ ਮੁਬਾਰਿਕਪੁਰ ਪੁਲਸ ਨੂੰ ਇਸ ਦੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕਰਦਿਅਾਂ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਦੋਸ਼ ਲਾਉਂਦਿਅਾਂ ਕਿਹਾ ਕਿ ਕੰਪਨੀ ਪ੍ਰਬੰਧਕ ਉਨ੍ਹਾਂ ਦੀ ਤਨਖਾਹ ਵਿਚੋਂ ਪੀ. ਐੱਫ. ਤੇ ਈ. ਐੱਸ. ਆਈ. ਫੰਡ ਕੱਟਦੇ ਰਹੇ ਪਰ ਅੱਗੇ ਵਿਭਾਗ ਨੂੰ ਜਮ੍ਹਾ ਨਾ ਕਰਵਾਉਣ ’ਤੇ ਈ. ਐੱਸ. ਆਈ. ਡਿਸਪੈਂਸਰੀ ਵਿਖੇ ਉਨ੍ਹਾਂ ਦਾ ਇਲਾਜ ਵੀ ਹੋਣਾ ਬੰਦ ਹੋ ਗਿਆ ਹੈ, ਜਿਸ ਕਰ ਕੇ ਪ੍ਰੇਸ਼ਾਨੀ ਹੋਰ ਵਧ ਗਈ। 
 ਕਰਮਚਾਰੀਆਂ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਕੰਪਨੀ ਪ੍ਰਬੰਧਕਾਂ ਨੇ ਮੀਡਿਆ ਸਾਹਮਣੇ ਦਾਅਵਾ ਕੀਤਾ ਸੀ ਕਿ 10 ਅਕਤੂਬਰ ਨੂੰ ਉਨ੍ਹਾਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ  ਪਰ ਅੱਜ 7 ਦਿਨ ਉਪਰ ਹੋਣ ’ਤੇ ਵੀ ਪ੍ਰਬੰਧਕ ਤਨਖਾਹ ਦੇਣ ਦਾ ਲਾਰਾ ਹੀ ਲਾ ਰਹੇ ਹਨ। ਇਸ  ਕਾਰਨ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੁਲਸ ਨੂੰ ਦਿੱਤੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਅਾਂ ਕਿਹਾ ਕਿ ਕੰਪਨੀ ਪ੍ਰਬੰਧਕ ਉੱਚੇ ਰਸੂਖ ਵਾਲੇ ਵਿਅਕਤੀ ਹਨ, ਜਿਸ ਕਰਕੇ ਕੋਈ ਵੀ ਵਿਭਾਗ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ ਤੇ ਤਨਖ਼ਾਹ ਨਾ ਮਿਲਣ ’ਤੇ ਗਰੀਬ ਲੋਕਾਂ ਨੂੰ ਘਰ ਦਾ ਖਰਚ ਚਲਾਉਣਾ ਅੌਖਾ ਹੋਇਆ ਪਿਆ ਹੈ। 
 ਮੁਬਾਰਕਪੁਰ ਪੁਲਸ ਚੌਕੀ ਇੰਚਾਰਜ ਭਿੰਦਰ ਸਿੰਘ ਖੰਗੂਡ਼ਾ ਨੇ ਦੱਸਿਆ ਕਿ ਉਕਤ ਕੰਪਨੀ ਦੇ 38 ਕਰਮਚਾਰੀਆਂ ਵਲੋਂ ਸਾਂਝੇ ਤੌਰ ’ਤੇ ਇਕ ਸ਼ਿਕਾਇਤ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਦਿੱਤੀ ਗਈ ਹੈ। ਦੋਵਾਂ ਪਾਰਟੀਆਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕੰਪਨੀ ਪ੍ਰਬੰਧਕ ਸੰਜੈ ਸਿੰਘ ਨੇ ਕਿਹਾ ਕਿ ਫੰਡ ਦੀ ਕਮੀ ਕਰਕੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਗਈ  ਤੇ ਜਿਵੇਂ ਹੀ ਪੈਸੇ ਆ ਜਾਂਦੇ ਹਨ, ਤਨਖਾਹ ਦੇ ਦਿੱਤੀ ਜਾਵੇਗੀ।  


Related News