ਜਹਾਜ਼ ’ਚੋਂ 16ਵੇਂ ਜੰਪ ਨੇ ਖੋਹਿਅਾਂ ਮਾਪਿਅਾਂ ਦਾ ਇਕਲੌਤਾ ਸਹਾਰਾ
Saturday, Nov 10, 2018 - 06:59 AM (IST)
ਸਮਾਣਾ, (ਦਰਦ)- ਸਬ-ਡਵੀਜ਼ਨ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਨਿਵਾਸੀ ਪੈਰਾ-ਮਿਲਟਰੀ ਦੇ ਕਮਾਂਡੋ ਫੌਜੀ ਹਰਦੀਪ ਸਿੰਘ ਦੀ ਆਗਰਾ ਵਿਚ ਪੈਰਾਸ਼ੂਟ ਟ੍ਰੇਨਿੰਗ ਦੌਰਾਨ ਜੰਪ ਕਰਦੇ ਸਮੇਂ ਪੈਰਾਸ਼ੂਟ ਛਤਰੀ ਨਾ ਖੁੱਲ੍ਹਣ ਕਾਰਨ 12 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਨਾਲ ਮੌਤ ਹੋ ਗਈ। ਸਮਾਚਾਰ ਮਿਲਦੇ ਹੀ ਪਿੰਡ ਵਿਚ ਮਾਤਮ ਦਾ ਮਾਹੌਲ ਛਾ ਗਿਆ। ਇਹ ਸੂਚਨਾ ਸੈਨਿਕ ਯੂਨਿਟ ਵੱਲੋਂ ਵੀਰਵਾਰ ਪਰਿਵਾਰ ਨੂੰ ਦਿੱਤੀ ਗਈ। ਮ੍ਰਿਤਕ ਫੌਜੀ ਦੀ ਲਾਸ਼ ਸ਼ਨੀਵਾਰ ਦੁਪਹਿਰ ਸਮੇਂ ਪਿੰਡ ਵਿਚ ਸਸਕਾਰ ਲਈ ਪਹੁੰਚਣ ਦੀ ਸੂਚਨਾ ਹੈ। ਪਿੰਡ ਤਲਵੰਡੀ ਮਲਿਕ ਵਿਖੇ ਪੱਤਰਕਾਰਾਂ ਨਾਲ ਮ੍ਰਿਤਕ ਫੌਜੀ ਹਰਦੀਪ ਸਿੰਘ (26) ਦੇ ਤਾਇਆ ਸਾਬਕਾ ਫੌਜੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ 6 ਸਾਲ ਪਹਿਲਾਂ 11 ਪੈਰਾ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਸ ਦੀ ਡਿਊਟੀ ਅਾਸਾਮ ਦੇ ਮਿਸਾਮਰੀ ਫੌਜੀ ਕੈਂਪ ਵਿਚ ਸੀ। ਹਰ ਸਾਲ ਵਾਂਗ ਹਰਦੀਪ ਆਪਣੀ ਯੂਨਿਟ ਦੇ ਸਾਥੀਆਂ ਨਾਲ ਕਰੀਬ 2 ਮਹੀਨੇ ਪਹਿਲਾਂ ਆਗਰਾ ਵਿਚ ਪੈਰਾਸ਼ੂਟ ਜੰਪਿੰਗ ਟ੍ਰੇਨਿੰਗ ਲਈ ਆਇਆ ਸੀ। ਇਸ ਦੌਰਾਨ 15 ਜੰਪ ਉਸ ਨੇ ਪੂਰੇ ਕਰ ਲਏ ਸਨ। ਵੀਰਵਾਰ ਦੁਪਹਿਰ 16ਵਾਂ ਜੰਪ ਕਰਦੇ ਸਮੇਂ ਜਹਾਜ਼ ਵਿਚੋਂ ਛਾਲ ਮਾਰਨ ਉਪਰੰਤ ਪੈਰਾਸ਼ੂਟ ਛਤਰੀ ਨਾ ਖੁੱਲ੍ਹਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ। ਗਰੀਬ ਮਾਤਾ-ਪਿਤਾ ਦੇ ਇਕਲੌਤਾ ਪੁੱਤਰ ਹਰਦੀਪ ਸਿੰਘ ਦੀ ਇਕ ਵੱਡੀ ਭੈਣ ਹੈ। ਉਸ ਦਾ ਵਿਆਹ ਇਸੇ ਸਾਲ ਜਨਵਰੀ ਵਿਚ ਹੋਇਆ ਸੀ। ਉਹ ਮਾਪਿਅਾਂ ਦਾ ਇਕੋ-ਇਕ ਸਹਾਰਾ ਸੀ। ਉਸ ਦਾ ਪਿਤਾ ਭੁਪਿੰਦਰ ਸਿੰਘ ਇਕ ਪ੍ਰਾਈਵੇਟ ਬੱਸ ਦਾ ਡਰਾਈਵਰ ਹੈ।
