ਬੁੱਢੇ ਦਰਿਆ ਦੀ ਸਫਾਈ ਮੁਹਿੰਮ ਦਾ ਸਤਿਗੁਰੂ ਉਦੇ ਸਿੰਘ ਜੀ ਨੇ ਲਿਆ ਜਾਇਜ਼ਾ

01/13/2019 11:07:42 AM

ਲੁਧਿਆਣਾ (ਜ. ਬ.) - ਨਾਮਧਾਰੀ ਸੰਪਰਦਾਇ ਦੇ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ 23 ਦਸੰਬਰ ਤੋਂ ਬੁੱਢੇ ਦਰਿਆ ਦੀ ਸਫਾਈ ਮੁਹਿੰਮ ਆਰੰਭ ਹੋਈ ਸੀ। ਪੰਜਾਬ ਸਰਕਾਰ ਵਲੋਂ ਬਣਾਈ ਗਈ ਟਾਸਕ ਫੋਰਸ ਕਮੇਟੀ ਦੇ ਸਤਿਗੁਰੂ ਜੀ ਸਰਪ੍ਰਸਤ  ਹਨ। ਸੈਂਕੜੇ ਨਾਮਧਾਰੀ ਉਸ ਦਿਨ ਤੋਂ ਲਗਾਤਾਰ ਸਫਾਈ ਕਰ ਰਹੇ ਹਨ। ਸ੍ਰੀ ਭੈਣੀ ਸਾਹਿਬ ਦਰਬਾਰ ਤੋਂ ਇਕ ਪੋਕ ਲਾਈਨਰ ਮਸ਼ੀਨ, ਜੇ. ਸੀ. ਬੀ. ਮਸ਼ੀਨ, 3 ਟਿੱਪਰ ਤੇ ਟਰੈਕਟਰ-ਟਰਾਲੀਆਂ ਰੋਜ਼ਾਨਾ ਗੰਦਗੀ ਚੁੱਕ ਰਹੀਆਂ ਹਨ। ਕਾਰਪੋਰੇਸ਼ਨ ਵਲੋਂ ਵੀ 7-8 ਟਿੱਪਰ ਦਿੱਤੇ ਗਏ ਹਨ। ਸਫਾਈ ਕਰਨ ਵਾਲੇ ਸੇਵਾਦਾਰਾਂ ਲਈ ਰੋਜ਼ਾਨਾ ਲੰਗਰ ਸ੍ਰੀ ਭੈਣੀ ਸਾਹਿਬ ਤੋਂ ਆ ਰਿਹਾ ਹੈ। 

ਇਸ ਮੁਹਿੰਮ ਦੇ ਸਕਦਾ ਕਰੀਬ ਇਕ ਕਿਲੋਮੀਟਰ ਦਾ ਏਰੀਆ ਸਾਫ ਕਰ ਦਿੱਤਾ ਗਿਆ ਹੈ ਪਰ ਕੁਝ ਲੋਕਾਂ ਵਲੋਂ ਸਫਾਈ 'ਚ ਸਾਥ ਦੇਣ ਦੀ ਬਜਾਏ ਸਾਫ ਕੀਤੇ ਇਲਾਕੇ 'ਚ ਮੁੜ ਗੰਦਗੀ ਸੁੱਟੀ ਜਾ ਰਹੀ ਹੈ। ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਨੇ ਇਸ ਸਫਾਈ ਮੁਹਿੰਮ ਦਾ ਬੀਤੇ ਦਿਨ ਜਾਇਜ਼ਾ ਲਿਆ। ਉਹ ਉਥੇ ਕਰੀਬ ਇਕ ਘੰਟਾ ਰਹੇ। ਸਟੇਰਿੰਗ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਨਾਮਧਾਰੀ, ਗਿਆਨੀ ਜੁਗਿੰਦਰ  ਸਿੰਘ, ਜੇ. ਪੀ. ਸਿੰਘ, ਨਿਰਮਲ ਭੱਟੀ ਤੇ ਸੋਹਣ ਸਿੰਘ ਨੇ ਆ ਰਹੀਆਂ ਮੁਸ਼ਕਲਾਂ ਬਾਰੇ ਸਤਿਗੁਰੂ ਜੀ ਨੂੰ ਦੱਸਿਆ। ਸਤਿਗੁਰੂ ਉਦੇ ਸਿੰਘ ਜੀ ਨੇ ਜਿਥੇ ਆਮ ਪਬਲਿਕ ਨੂੰ ਚੱਲ ਰਹੀ ਇਸ ਸੇਵਾ 'ਚ ਭਾਗ ਲੈਣ ਲਈ ਕਿਹਾ ਉਥੇ ਡੇਅਰੀ ਵਾਲਿਆਂ ਨੂੰ ਦਰਿਆ 'ਚ ਗੋਬਰ ਨਾ ਸੁੱਟਣ ਦੀ ਵੀ ਅਪੀਲ ਕੀਤੀ। ਤਰਨ ਸਿੰਘ, ਬੇਅੰਤ ਸਿੰਘ, ਯੂਥ ਪ੍ਰਧਾਨ ਸੰਤੋਖ ਲਾਡੀ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਕਿ ਮੇਅਰ ਬਲਕਾਰ ਸਿੰਘ ਸੰਧੂ ਤੇ ਨਿਗਰਾਨ ਅਫਸਰ ਰਜਿੰਦਰ ਸਿੰਘ ਵੋਹਰਾ ਵਲੋਂ ਕਾਫੀ ਸਹਿਯੋਗ ਮਿਲ ਰਿਹਾ ਹੈ। ਸਤਿਗੁਰੂ ਜੀ ਦੀ ਅਗਵਾਈ 'ਚ ਅਫਸਰ ਸਾਹਿਬਾਨਾਂ ਦੀ ਵਿਸ਼ੇਸ਼ ਮੀਟਿੰਗ ਸੋਮਵਾਰ ਸ਼ਾਮ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਹੋਵੇਗੀ।


rajwinder kaur

Content Editor

Related News