ਸ਼ਹਿਰ ਦੀ ਤਰਸਯੋਗ ਹਾਲਤ 'ਤੇ ਬੁਢਲਾਡਾ ਮੁਕੰਮਲ ਬੰਦ

Saturday, Aug 04, 2018 - 06:33 PM (IST)

ਸ਼ਹਿਰ ਦੀ ਤਰਸਯੋਗ ਹਾਲਤ 'ਤੇ ਬੁਢਲਾਡਾ ਮੁਕੰਮਲ ਬੰਦ

ਬੁਢਲਾਡਾ(ਬਾਂਸਲ, ਮਨਜੀਤ)— ਸਥਾਨਕ ਸ਼ਹਿਰ ਦੀ ਲੰਬੇ ਸਮੇਂ ਤੋਂ ਤਰਸਯੋਗ ਹਾਲਤ ਟੁੱਟੀਆਂ ਸੜਕਾਂ, ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਵਲੋਂ ਅੱਕ ਕੇ ਨਗਰ ਸੁਧਾਰ ਸਭਾ ਦੀ ਅਗਵਾਈ ਹੇਠ ਸ਼ਹਿਰ 'ਚ ਰੋਸ ਮੁਜਾਹਰੇ ਕਰਕੇ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਬੀਤੇ ਸ਼ਹਿਰ ਮੁਕੰਮਲ ਬੰਦ ਕਰਕੇ ਆਈ. ਟੀ. ਆਈ. ਚੌਕ ਮੂਹਰੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ 'ਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਨਗਰ ਕੌਂਸਲ, ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਇਸ ਮੌਕੇ ਅਣਮਿੱਥੇ ਸਮੇਂ ਲਈ ਤਿੰਨ ਵਿਅਕਤੀਆਂ ਵੱਲੋਂ ਸਮੱਸਿਆਵਾਂ ਦੇ ਹੱਲ ਤੱਕ ਮਰਨ ਵਰਤ 'ਤੇ ਬੈਠਣ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਸਮਾਜ ਸੇਵੀ ਟਿੰਕੂ ਮਦਾਨ, ਕੁਲਦੀਪ ਸ਼ਿਮਾਰ, ਮੁਖਵਿੰਦਰ ਸਿੰਘ ਬੀਰੇਵਾਲਾ ਡੋਗਰਾ ਸ਼ਾਮਲ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਸਮੇਂ-ਸਮੇਂ ਰਹਿੰਦੀਆਂ ਸਰਕਾਰਾਂ ਵਲੋਂ ਬੁਢਲਾਡਾ ਸ਼ਹਿਰ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਭੇਜੀਆਂ ਜਾ ਚੁੱਕੀਆਂ ਹਨ ਪਰ ਭ੍ਰਿਸ਼ਟਾਚਾਰ ਵਿਚ ਲਿਬੜੇ ਪ੍ਰਸ਼ਾਸਨਿਕ ਅਤੇ ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਮੁੱਢਲੀਆਂ ਅਤੇ ਬੁਨਿਆਦੀ ਸਹੂਲਤਾਂ ਦੇਣ ਵੀ ਬਜਾਏ ਆਪਣੇ ਹੀ ਘਰ ਭਰੇ ਨੇ।

ਕਾਮਰੇਡ ਅਰਸ਼ੀ ਨੇ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਨੂੰ ਸਵਾ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸ਼ਹਿਰ ਅੰਦਰ ਕਾਂਗਰਸ ਦੀ ਲੀਡਰਸ਼ਿਪ ਦੇ ਗਠਜੋੜ ਸਦਕਾ ਅੱਜ ਵੀ ਅਕਾਲੀ-ਭਾਜਪਾ ਗਠਜੋੜ ਦਾ ਬਣਾਇਆ ਨਗਰ ਕੌਂਸਲ ਦਾ ਪ੍ਰਧਾਨ ਕਾਬਜ਼ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਅਕਾਲੀ-ਭਾਜਪਾ ਨਾਲ ਰਲੀ ਹੋਈ ਹੈ, ਜੋ ਲੋਕਾਂ ਨੂੰ ਚੋਣਾਂ ਦੌਰਾਨ ਲੱਛੇਦਾਰ ਤਕਰੀਰਾਂ 'ਚ ਉਲਝਾ ਕੇ ਆਪਣੇ ਸਿਆਸੀ ਉੱਲੂ ਸਿੱਧਾ ਕਰਨ 'ਚ ਲੱਗੇ ਹੋਏ ਹਨ। ਇਸ ਧਰਨੇ ਦੀ ਅਗਵਾਈ ਕਰਦਿਆਂ ਨਗਰ ਸੁਧਾਰ ਸਭਾ ਦੇ ਪ੍ਰਬੰਧਕ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸ਼ਹਿਰ ਅੰਦਰ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਕੋਈ ਵੀ ਮੁੱਢਲੀ ਸਹਾਇਤਾ ਦੇਣ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 19 ਵਾਰਡ ਹਨ, ਜਿਨ੍ਹਾਂ 'ਚੋਂ 1 ਤੋਂ ਲੈ ਕੇ 6 ਵਾਰਡ 'ਚ ਪਿਛਲੇ ਸਵਾ ਸਾਲ ਤੋਂ ਨਵੇਂ ਸੀਵਰੇਜ, ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਕੰਮ ਇਕ ਪ੍ਰਾਈਵੇਟ ਕੰਪਨੀ ਵਲੋਂ ਆਰੰਭਿਆ ਗਿਆ ਸੀ, ਜਿਸ 'ਚੋਂ ਇਸ ਕੰਪਨੀ ਨੇ ਸਿਰਫ 20 ਫੀਸਦੀ ਕੰਮ ਹੀ ਕੀਤਾ ਹੈ ਅਤੇ ਬਾਕੀ ਕੰਮ ਦਾ ਬੂਤਾ ਸਾਰ ਦਿੱਤਾ ਹੈ।
ਬੁਲਾਰਿਆਂ ਨੇ ਕਿਹਾ ਕਿ ਇਸੇ ਤਰ੍ਹਾਂ ਬਾਕੀ ਰਹਿੰਦੇ ਸ਼ਹਿਰ ਦੇ ਵਾਰਡਾਂ ਅੰਦਰ ਕੋਈ ਸਫਾਈ ਵਿਵਸਥਾ ਨਹੀਂ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਜੇਕਰ ਗੱਲ ਕਰੀਏ ਸੜਕਾਂ ਦੀ ਤਾਂ ਉਨ੍ਹਾਂ 'ਚ ਡੂੰਘੇ ਖੱਡੇ ਪੈ ਚੁੱਕੇ ਹਨ, ਜਿਸ ਨਾਲ ਆਮ ਵਿਅਕਤੀ ਆਪਣੇ ਵਹੀਕਲ ਰਾਹੀਂ ਲੰਘ ਵੀ ਨਹੀਂ ਸਕਦਾ। ਇਸ ਮੌਕੇ ਨਗਰ ਸੁਧਾਰ ਸਭਾ ਦੇ ਰਕੇਸ਼ ਕੁਮਾਰ ਜੈਨ, ਕਾਕਾ ਕੰਟਰੀ ਪ੍ਰਿਟਿੰਗ ਪ੍ਰੈਸ, ਲਲਵੀ ਕਾਠ ਆਦਿ ਵੱਡੀ ਗਿਣਤੀ 'ਚ ਸਹਿਯੋਗੀ ਹਾਜ਼ਰ ਸਨ।
ਦੂਸਰੇ ਪਾਸੇ ਇਸ ਧਰਨੇ ਸਬੰਧੀ ਜਦ ਨਗਰ ਕੌਂਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੌਂਸਲ ਵਲੋਂ ਹਰ ਵਾਰਡ 'ਚ ਸਟਰੀਟ ਲਾਇਟਾਂ ਦਾ ਪ੍ਰਬੰਧ, ਸੀਵਰੇਜ ਸਿਸਟਮ ਦੀ ਪੂਰੀ ਵਿਵਸਥਾ, ਪੀਣ ਵਾਲਾ ਪਾਣੀ ਦੀ ਸਪਲਾਈ ਅਤੇ ਕੌਂਸਲ ਅਧੀਨ ਆਉਂਦੀਆਂ ਸੜਕਾਂ ਦਾ ਕੰਮ ਮੁੰਕਮਲ ਹੋ ਚੁੱਕਾ ਹੈ। ਜੇਕਰ ਫਿਰ ਵੀ ਕਿਸੇ ਵਾਰਡ ਅੰਦਰ ਕੰਮ ਬਾਕੀ ਹਨ ਉਹ ਜਲਦ ਕੌਂਸਲ ਵਲੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਜਿੰਮਾ ਨਗਰ ਕੌਂਸਲ ਬੁਢਲਾਡਾ ਦਾ ਨਹੀਂ ਜ਼ਿਲਾ ਪ੍ਰਸ਼ਾਸਨ ਅਧੀਨ ਆਉਂਦੇ ਹੋਰਨਾਂ ਵਿਭਾਗਾਂ ਦਾ ਹੈ, ਜਿਸ 'ਚ ਨਗਰ ਕੌਂਸਲ ਕੁਝ ਵੀ ਕਰਨ ਤੋਂ ਸਮਰਥ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਗਰ ਕੌਂਸਲ ਅੰਦਰ ਆਏ ਫੰਡਾਂ ਦੀ ਦੁਰਵਰਤੋਂ ਲੱਗਦੀ ਹੈ ਤਾਂ ਉਹ ਉੱਚ ਅਫਸਰਾਂ ਤੋਂ ਜਾਂਚ ਕਰਵਾ ਸਕਦੇ ਹਨ।


Related News