ਚੰਨੀ ਨੂੰ CM ਚਿਹਰਾ ਐਲਾਨਣ ਮਗਰੋਂ ਵਿਜੇਇੰਦਰ ਸਿੰਗਲਾ ਦੇ ਘਰ ਲੱਗੀਆਂ ਰੌਣਕਾਂ

Sunday, Feb 06, 2022 - 10:50 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਤੋਂ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਪਿੱਛੋਂ ਸਮੁੱਚੇ ਸੰਗਰੂਰ ਹਲਕੇ ’ਚ ਖੁਸ਼ੀ ਦਾ ਮਾਹੌਲ ਹੈ ਤੇ ਕਾਂਗਰਸੀਆਂ ਵੱਲੋਂ ਢੋਲ-ਢਮੱਕਿਆਂ ਨਾਲ ਥਾਂ-ਥਾਂ ’ਤੇ ਲੱਡੂ ਵੰਡੇ ਜਾ ਰਹੇ ਹਨ। ਅੱਜ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਕਾਂਗਰਸੀ ਸਮਰਥਕਾਂ ਦੀਆਂ ਭਾਰੀ ਰੌਣਕਾਂ ਲੱਗੀਆਂ ਅਤੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਖੁਸ਼ੀ ਜ਼ਾਹਿਰ ਕਰਦਿਆਂ ਕਾਂਗਰਸ ਪਾਰਟੀ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਚੰਨੀ ਸਾਬ੍ਹ ਨੂੰ ਮੁੜ ਤੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਕਾਰਨ ਕਾਂਗਰਸੀ ਵਰਕਰਾਂ ’ਚ ਬਹੁਤ ਜੋਸ਼ ਹੈ ਅਤੇ ਇਸ ਐਲਾਨ ਨਾਲ ਸਮੁੱਚੇ ਪੰਜਾਬ ’ਚ ਕਾਂਗਰਸ ਦੇ ਪੱਖ ’ਚ ਹਵਾ ਚੱਲ ਪਈ ਹੈ।

ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਮੁੜ ਤੋਂ ਬਣੇਗੀ ਅਤੇ ਗਰੀਬਾਂ ਦੇ ਰਖਵਾਲੇ ਚਰਨਜੀਤ ਸਿੰਘ ਚੰਨੀ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਸਿੰਗਲਾ ਨੇ ਕਿਹਾ ਕਿ ਇਕੋ-ਇਕ ਕਾਂਗਰਸ ਪਾਰਟੀ ਹੈ, ਜੋ ਕਹਿੰਦੀ ਹੈ, ਉਹ ਕਰਦੀ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਸੂਚਿਤ ਜਾਤੀ ਭਾਈਚਾਰੇ ਦੇ ਮੁੱਖ ਮੰਤਰੀ ਸਬੰਧੀ ਮਹਿਜ਼ ਬਿਆਨਬਾਜ਼ੀ ਹੀ ਕੀਤੀ ਜਾਂਦੀ ਹੈ, ਜਦਕਿ ਕਾਂਗਰਸ ਪਾਰਟੀ ਨੇ ਇਕ ਯੋਗ ਅਨੁਸੂਚਿਤ ਆਗੂ ਨੂੰ ਆਪਣੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਆਪਣੇ 100 ਦਿਨਾਂ ’ਚ ਜਿਸ ਤਰ੍ਹਾਂ ਦੇ ਕੰਮ ਕਰਕੇ ਵਿਖਾਏ, ਉਸ ’ਚ ਸਮੁੱਚੇ ਸੂਬੇ ’ਚ ਉਨ੍ਹਾਂ ਦੇ ਹੱਕ ’ਚ ਲਹਿਰ ਬਣੀ ਹੋਈ ਹੈ, ਜਿਸ ਕਾਰਨ ਆਉਣ ਵਾਲੇ ਪੰਜ ਸਾਲਾਂ ’ਚ ਕਾਂਗਰਸ ਸਥਿਰ ਸਰਕਾਰ ਬਣਾ ਕੇ ਪੰਜਾਬ ਨੂੰ ਤਰੱਕੀ ਦੀਆਂ ਬਰੂਹਾਂ ’ਤੇ ਲੈ ਕੇ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਾਂਗਰਸੀ ਆਗੂ ਵੱਡੀ ਗਿਣਤੀ ’ਚ ਮੌਜੂਦ ਸਨ। 


Manoj

Content Editor

Related News