ਸਰਕਾਰ ਬਦਲਣ ਦੇ ਨਾਲ ਬਰਨਾਲਾ 'ਚ ਨਗਰ ਕੌਂਸਲ ਦੀ ਪ੍ਰਧਾਨਗੀ ਬਦਲਣ ਦੇ ਵੀ ਚਰਚੇ
Monday, Mar 14, 2022 - 02:37 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਜਾ ਰਹੀ ਹੈ। 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਬਰਨਾਲਾ ਵਿੱਚ 5 ਨਗਰ ਕੌਂਸਲਾਂ ਬਰਨਾਲਾ, ਤਪਾ, ਭਦੌੜ, ਹੰਡਿਆਇਆ ਅਤੇ ਧਨੌਲਾ ਪੈਂਦੀਆਂ ਹਨ। ਇਸ ਵੇਲੇ ਸਾਰੀਆਂ ਨਗਰ ਕੌਂਸਲਾਂ 'ਤੇ ਕਾਂਗਰਸ ਪਾਰਟੀ ਦੇ ਸਮਰਥਕ ਪ੍ਰਧਾਨ ਨਿਯੁਕਤ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਨਗਰ ਕੌਂਸਲ ਬਰਨਾਲਾ 'ਚ ਇਸ ਵੇਲੇ ਪ੍ਰਧਾਨਗੀ ਪਦ 'ਤੇ ਗੁਰਜੀਤ ਸਿੰਘ ਰਮਨਵਾਸੀਆ, ਨਗਰ ਕੌਂਸਲ ਭਦੌੜ 'ਚ ਮਨੀਸ਼ ਗਰਗ, ਨਗਰ ਕੌਂਸਲ ਤਪਾ 'ਚ ਕਾਲਾ ਭੂਤ, ਨਗਰ ਕੌਂਸਲ ਹੰਡਿਆਇਆ 'ਚ ਅਸ਼ਵਨੀ ਆਸ਼ੂ ਤੇ ਨਗਰ ਕੌਂਸਲ ਧਨੌਲਾ 'ਚ ਬੀਬੀ ਰਣਜੀਤ ਕੌਰ ਸੋਢੀ ਬਤੌਰ ਪ੍ਰਧਾਨ ਨਿਯੁਕਤ ਹਨ। ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਬਜ਼ਾ ਹੋ ਚੁੱਕਾ ਹੈ। ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਭਦੌੜ ਤੋਂ ਲਾਭ ਸਿੰਘ ਉੱਗੋਕੇ ਤੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਚੋਣ ਜਿੱਤ ਚੁੱਕੇ ਹਨ ਅਤੇ ਇਨ੍ਹਾਂ 'ਚੋਂ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦਾ ਕੈਬਨਿਟ ਵਿੱਚ ਜਾਣਾ ਵੀ ਲਗਭਗ ਤੈਅ ਹੈ।
ਇਹ ਵੀ ਪੜ੍ਹੋ : ਸ਼ਹੀਦੀ ਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, SGPC ਨੇ ਮੰਗੇ ਪਾਸਪੋਰਟ
ਸੂਬੇ 'ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਤੋਂ ਉਤਸ਼ਾਹਿਤ ਹੋ ਕੇ 'ਆਪ' ਵਰਕਰਾਂ ਵੱਲੋਂ ਵੀ ਨਗਰ ਕੌਂਸਲ 'ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਪ੍ਰਧਾਨ ਬਣਾਉਣ ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਕੌਂਸਲ ਬਰਨਾਲਾ ਦੀ ਗੱਲ ਕਰੀਏ ਤਾਂ ਇੱਥੇ 'ਆਪ' ਦੀ ਟਿਕਟ 'ਤੇ 3 ਨਗਰ ਕੌਂਸਲਰ ਚੋਣ ਜਿੱਤੇ ਸਨ, ਜਿਨ੍ਹਾਂ 'ਚੋਂ ਇਕ ਨਗਰ ਕੌਂਸਲਰ ਨੂੰ ਆਮ ਆਦਮੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ ਅਤੇ ਮੌਜੂਦਾ ਸਮੇਂ ਵਿੱਚ 'ਆਪ' ਦੀ ਟਿਕਟ 'ਤੇ ਜਿੱਤੇ 2 ਨਗਰ ਕੌਂਸਲਰ ਹਨ। ਇਨ੍ਹਾਂ 'ਚੋਂ ਰੁਪਿੰਦਰ ਸ਼ੀਤਲ ਜੋ ਵਿਧਾਇਕ ਮੀਤ ਹੇਅਰ ਦੇ ਨੇੜਲੇ ਸਾਥੀ ਹਨ, ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਲਈ ਅੰਦਰਖਾਤੇ ਜੁਗਤਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਰ੍ਹਾਂ ਬੀਤੇ ਦਿਨੀਂ ਅੰਮ੍ਰਿਤਸਰ ਨਗਰ ਨਿਗਮ ਦੇ 16 ਨਗਰ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ, ਉਸੇ ਤਰ੍ਹਾਂ ਹੋਰਨਾਂ ਥਾਵਾਂ 'ਤੇ ਵੀ ਨਗਰ ਕੌਂਸਲਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ
ਨਗਰ ਕੌਂਸਲ ਬਰਨਾਲਾ ਦੇ ਕੁਝ ਨਗਰ ਕੌਂਸਲਰਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲ ਪ੍ਰਧਾਨਗੀ ਦੀਆਂ ਵੋਟਾਂ ਲਈ 'ਆਪ' ਦੇ ਹੱਕ ਵਿੱਚ ਖੜ੍ਹਨ ਲਈ ਪੇਸ਼ਕਸ਼ ਆਈ ਹੈ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ 5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਸੀਂ ਆਪਣੇ ਵਾਰਡ ਦੇ ਕੰਮ ਕਰਵਾਉਣੇ ਹਨ, ਇਸ ਲਈ ਸਾਨੂੰ ਆਪਣੇ ਵਾਰਡ ਦੇ ਲੋਕਾਂ ਦੀ ਬਿਹਤਰੀ ਲਈ ਜੋ ਵੀ ਉਚਿਤ ਲੱਗੇਗਾ, ਅਸੀਂ ਉਹੀ ਫ਼ੈਸਲਾ ਲਵਾਂਗੇ। ਨਗਰ ਕੌਂਸਲ ਦੇ ਪ੍ਰਧਾਨ ਨੂੰ ਕੁਰਸੀ ਤੋਂ ਲਾਹੁਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ ਤੇ ਜੇਕਰ ਪ੍ਰਧਾਨ ਖੁਦ ਹੀ ਅਸਤੀਫ਼ਾ ਦੇ ਦੇਵੇ ਤਾਂ ਨਵਾਂ ਪ੍ਰਧਾਨ ਬਣਾਉਣ ਲਈ ਅੱਧ ਤੋਂ ਵੱਧ ਮੈਂਬਰਾਂ ਦੀ ਲੋੜ ਹੁੰਦੀ ਹੈ। ਹੁਣ ਭਵਿੱਖ ਵਿੱਚ ਕੀ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਇਕ ਵਾਰ ਵਰਕਰਾਂ ਨੇ ਤਿਆਰੀ ਜ਼ਰੂਰ ਖਿੱਚ ਦਿੱਤੀ ਹੈ।