ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ਦਾ ਕੇਡਰ ਦਾਨਿਪਸ ’ਚ ਮਰਜ ਕਰਨ ਦੇ ਹੁਕਮ ’ਤੇ ਰੋਕ

10/18/2018 6:46:12 AM

 ਚੰਡੀਗਡ਼੍ਹ, (ਸੁਸ਼ੀਲ)- ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀਜ਼ ਦਾ ਕੇਡਰ ਦਿੱਲੀ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਪੁਲਸ ਸੇਵਾ (ਦਾਨਿਪਸ) ’ਚ ਮਰਜ ਕਰਨ ਦੇ ਨੋਟੀਫਿਕੇਸ਼ਨ ’ਤੇ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗਡ਼੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਕਿ ਅਗਲੇ ਹੁਕਮ ਆਉਣ ਤਕ ਇਸ ’ਤੇ ਰੋਕ ਰਹੇਗੀ।  ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਿਵਲ ਪਦਾਂ ਦੀ ਭਰਤੀ ਚੰਡੀਗਡ਼੍ਹ ਪ੍ਰਸ਼ਾਸਨ 60 ਤੇ 40 ਦੀ ਰੇਸ਼ੋ ਤਹਿਤ ਕਰੇ। 60 ਫ਼ੀਸਦੀ ਭਰਤੀ ਪੰਜਾਬ ਤੇ 40 ਫ਼ੀਸਦੀ ਭਰਤੀ ਹਰਿਆਣਾ ਤੋਂ ਹੋਵੇ। 25 ਸਤੰਬਰ ਨੂੰ ਚੰਡੀਗਡ਼੍ਹ  ਦੇ ਡੀ. ਐੱਸ. ਪੀ. ਕੇਡਰ ਨੂੰ ਦਾਨਿਪਸ ਵਿਚ ਮਰਜ ਕਰਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਦੋਵਾਂ ਰਾਜਾਂ ਦੇ ਕਈ ਅਾਗੂਅਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਮੁਲਾਕਾਤ ਕਰਕੇ ਆਪਣਾ-ਆਪਣਾ ਪੱਖ ਵੀ ਰੱਖਿਆ ਸੀ। 
 ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ’ਚ ਖੁਸ਼ੀ ਦੀ ਲਹਿਰ
 ਗ੍ਰਹਿ ਮੰਤਰਾਲੇ ਵਲੋਂ ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀ. ਦਾ ਕੇਡਰ ਦਾਨਿਪਸ ’ਚ ਮਰਜ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ ਲਗਦਿਅਾਂ ਹੀ ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀ. ਤੇ ਇੰਸਪੈਕਟਰਾਂ ’ਚ ਖੁਸ਼ੀ ਦੀ ਲਹਿਰ ਦੌਡ਼ ਪਈ। ਅਗਲੇ ਹੁਕਮਾਂ ਤਕ ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀਜ਼ ਨੂੰ ਹੁਣ ਦੂਜੀ ਜਗ੍ਹਾ ਟਰਾਂਸਫਰ ਦੀ ਚਿੰਤਾ ਨਹੀਂ ਸਤਾਏਗੀ।   
 ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ਨੇ ਖੜਕਾਇਅਾ ਸੀ ‘ਕੈਟ’ ਦਾ ਦਰਵਾਜ਼ਾ
 ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀਜ਼ ਦਾ ਕੇਡਰ ਦਾਨਿਪਸ ’ਚ ਮਰਜ਼ ਹੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਟਰਾਂਸਫਰ ਹੋਣ ਦੀ ਚਿੰਤਾ ਸਤਾਉਣ ਲੱਗੀ ਸੀ। ਇਸ ਲਈ ਨੋਟੀਫਿਕੇਸ਼ਨ ਦੇ ਅਗਲੇ ਹੀ ਦਿਨ ਚੰਡੀਗਡ਼੍ਹ  ਦੇ ਡੀ. ਐੱਸ. ਪੀਜ਼ ਤੇ ਇੰਸਪੈਕਟਰਾਂ ਨੇ ‘ਕੈਟ’ ਦਾ ਦਰਵਾਜ਼ਾ ਖਡ਼ਕਾਇਆ ਸੀ।  ‘ਕੈਟ’ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕੇਡਰ ਮਰਜ ਕਰਨ ਦੇ ਹੁਕਮਾਂ ’ਤੇ ਪ੍ਰਸ਼ਾਸਨ ਤੇ ਪੁਲਸ ਵਿਭਾਗ ਤੋਂ ਜਵਾਬ ਮੰਗਿਆ ਸੀ। 
 ਪਹਿਲਾਂ ਇਤਰਾਜ਼ ਤੇ ਸੁਝਾਅ ਵੀ ਮੰਗੇ ਸਨ
 ਗ੍ਰਹਿ ਮੰਤਰਾਲੇ ਨੇ 8 ਫਰਵਰੀ 2018 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਚੰਡੀਗਡ਼੍ਹ ਪੁਲਸ ’ਚ ਦਿੱਲੀ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਪੁਲਸ ਸੇਵਾ  (ਦਾਨਿਪਸ) ਕੇਡਰ ਦੇ ਛੇ ਡੀ. ਐੱਸ. ਪੀਜ਼ ਦੀ ਮਨਜ਼ੂਰੀ ਦਿੱਤੀ ਸੀ। ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ਨੂੰ ਦਾਨਿਪਸ ਕੇਡਰ ’ਚ ਮਰਜ ਕਰਨ ਸਬੰਧੀ 20 ਅਪ੍ਰੈਲ ਨੂੰ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਦੇ ਡਰਾਫਟ ’ਤੇ ਸੁਝਾਅ ਤੇ ਇਤਰਾਜ਼  ਬਾਰੇ ਪੁਲਸ ਵਿਭਾਗ ਨੂੰ ਪੱਤਰ ਲਿਖਿਆ ਸੀ। ਤਤਕਾਲੀ ਐੱਸ. ਪੀ. ਹੈੱਡਕੁਆਟਰ ਈਸ਼ ਸਿੰਗਲ ਨੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਦਾ ਡ੍ਰਾਫਟ ਚੰਡੀਗਡ਼੍ਹ ਪੁਲਸ ਦੀ ਵੈੱਬਸਾਈਟ ’ਤੇ ਅੱਪਲੋਡ ਕਰਵਾਇਆ ਸੀ। ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ਨੂੰ ਦਾਨਿਪਸ ਕੇਡਰ ’ਚ ਮਰਜ ਕਰਨ ਸਬੰਧੀ ਕਿਸੇ ਦੇ ਕੋਈ ਇਤਰਾਜ਼ ਤੇ ਸੁਝਾਅ 19 ਮਈ ਤਕ ਯੂ. ਟੀ. ਐੱਸ. ਦੇ ਅੰਡਰ ਸੈਕਟਰੀ ਹਿਟਲਰ ਸਿੰਘ ਨੇ ਮੰਗੇ ਸਨ। 25 ਸਤੰੰਬਰ ਨੂੰ ਗ੍ਰਹਿ ਮੰਤਰਾਲੇ ਨੇ  ਡੀ. ਐੱਸ. ਪੀਜ਼ ਕੇਡਰ ਨੂੰ ਦਾਨਿਪਸ ’ਚ ਮਰਜ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ।  
 ਹੈਲਮੇਟ ਪਾਉਣ ਸਬੰਧੀ ਦਿੱਲੀ ਦੀ ਤਰਜ਼ ’ਤੇ ਮਿਲੇਗੀ ਸਿੱਖ ਅੌਰਤਾਂ ਨੂੰ ਛੋਟ 
 ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿੱਖ ਅੌਰਤਾਂ ਨੂੰ ਦਿੱਲੀ ’ਚ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਤਰਜ਼ ’ਤੇ ਛੋਟ ਮਿਲੇਗੀ। ਇਹ ਹੁਕਮ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗਡ਼੍ਹ ਪ੍ਰਸ਼ਾਸਨ ਨੂੰ ਜਾਰੀ ਕੀਤੇ ਹਨ। ਹੁਣ ਚੰਡੀਗਡ਼੍ਹ ’ਚ ਦੋਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਅੌਰਤਾਂ ਨੂੰ ਹੈਲਮੇਟ ਪਾਉਣਾ ਜ਼ਰੂਰੀ ਨਹੀਂ। ਚੰਡੀਗਡ਼੍ਹ ’ਚ ਅੌਰਤਾਂ ਦੇ ਹੈਲਮੇਟ ਪਾਉਣ ਦੇ ਨੋਟੀਫਿਕੇਸ਼ਨ ਤੋਂ ਬਾਅਦ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲ ਕੇ ਸਿੱਖ ਅੌਰਤਾਂ ਨੂੰ ਚੰਡੀਗਡ਼੍ਹ ’ਚ ਛੋਟ ਦੇਣ ਦੀ ਮੰਗ ਕੀਤੀ ਸੀ।


Related News