ਭਗਵੰਤ ਮਾਨ ਦੇ ਕਾਫਿਲੇ ਨੂੰ ਰੋਕਣ ਦਾ ਮਾਮਲਾ :  2 ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 5 ਗ੍ਰਿਫ਼ਤਾਰ

02/19/2022 11:50:20 AM

ਦਿੜ੍ਹਬਾ ਮੰਡੀ (ਅਜੈ) : ਪੰਜਾਬ ’ਚ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਦਿੜ੍ਹਬਾ ਵਿਖੇ ਪਾਰਟੀ ਉਮੀਦਵਾਰ ਹਰਪਾਲ ਸਿੰਘ ਚੀਮਾ ਦੇ ਚੋਣ ਪ੍ਰਚਾਰ ਲਈ ਰੋਡ ਸ਼ੋਅ ਲੈ ਕੇ ਆ ਰਹੇ ਸਨ ਕਿ ਦਿੜ੍ਹਬਾ ਵਿਖੇ ਉਨ੍ਹਾਂ ਦੇ ਕਾਫਿਲੇ ਨੂੰ ਰੋਕ ਕੇ ਹੁੱਲੜਬਾਜ਼ੀ ਕਰਨ ਅਤੇ ਪੁਲਸ ਦੀ ਵੀ.ਆਈ.ਪੀ. ਡਿਊਟੀ ਸਮੇਂ ਰੁਕਾਵਟ ਪਾਉਣ ਖ਼ਿਲਾਫ਼ ਸਥਾਨਕ ਪੁਲਸ ਨੇ 2 ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ’ਚੋਂ ਸੱਤ ਦੀ ਪਹਿਚਾਣ ਕੀਤੀ ਗਈ ਹੈ ਅਤੇ ਪੰਜ ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਬਾਰੇ ਪੰਜਾਬੀਆਂ ਨੂੰ ਕੀਤਾ ਸੁਚੇਤ

ਥਾਣਾ ਦਿੜ੍ਹਬਾ ਦੇ ਮੁੱਖ ਅਫ਼ਸਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਕੌਹਰੀਆਂ ਦੇ ਇੰਚਾਰਜ ਹਰਿੰਦਰ ਸਿੰਘ ਪਾਤੜਾਂ ਰੋਡ ’ਤੇ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਵੀ.ਆਈ.ਪੀ. ਡਿਊਟੀ ’ਤੇ ਤਾਇਨਾਤ ਸੀ। ਉਸਦੇ ਬਿਆਨ ਅਨੁਸਾਰ ਕੁਝ ਲੋਕਾਂ ਵੱਲੋਂ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਿਆ ਗਿਆ ਜਦੋਂ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਉਸ ਸਮੇਂ ਤਾਇਨਾਤ ਪੁਲਸ ਪਾਰਟੀ ਨਾਲ ਧੱਕਾ-ਮੁੱਕੀ ਕੀਤੀ। ਇਸ ਨਾਲ ਹਰਿੰਦਰ ਸਿੰਘ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ਟੁੱਟ ਗਈ। ਉਨ੍ਹਾਂ ਲੋਕਾਂ ਨੇ ਡਿਊਟੀ ਦੇ ਰਹੀ ਪੁਲਸ ਦੇ ਕੰਮ ’ਚ ਵਿਘਨ ਪਾਇਆ ਹੈ, ਇਨ੍ਹਾਂ ’ਚ ਕੁਝ ਕੋਲ ਡੰਡੇ ਸੋਟੇ ਅਤੇ ਕੁਝ ਕੋਲ ਤਲਵਾਰਾਂ ਵੀ ਫੜੀਆਂ ਹੋਈਆਂ ਸਨ।

ਇਹ ਵੀ ਪੜ੍ਹੋ : ਦਿੜ੍ਹਬਾ ’ਚ ਭਗਵੰਤ ਮਾਨ ਦੇ ਕਾਫਿਲੇ ਨੂੰ ਲੋਕਾਂ ਨੇ ਰੋਕਿਆ

ਪੁਲਸ ਨੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਅਤੇ ਪੁਲਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਹੇਠ ਗੁਰਮੇਲ ਸਿੰਘ ਵਾਸੀ ਜਨਾਲ, ਗੁਰਜੰਟ ਸਿੰਘ ਵਾਸੀ ਦਿੜ੍ਹਬਾ, ਅਮਰਿੰਦਰ ਸਿੰਘ ਵਾਸੀ ਘੱਗਾ, ਹਰਜੀਤ ਸਿੰਘ ਵਾਸੀ ਘੱਗਾ, ਪ੍ਰਭਜੋਤ ਸਿੰਘ ਵਾਸੀ ਘੱਗਾ, ਅਜੈਬ ਸਿੰਘ ਅਤੇ ਤਾਰੀ ਸਮੇਤ 15/20 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ’ਚੋਂ ਗੁਰਮੇਲ ਸਿੰਘ, ਗੁਰਜੰਟ ਸਿੰਘ, ਅਮਰਿੰਦਰ ਸਿੰਘ, ਹਰਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਬਾਕੀ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Anuradha

Content Editor

Related News