ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਸਵਾਰ ਬਿਨ੍ਹਾਂ ਪੈਸੇ ਦਿੱਤੇ ਫਰਾਰ
Friday, Apr 02, 2021 - 08:04 PM (IST)
ਭਵਾਨੀਗੜ੍ਹ (ਵਿਕਾਸ) : ਇੱਥੇ ਪਟਿਆਲਾ ਰੋਡ 'ਤੇ ਪਿੰਡ ਬਾਲਦ ਕਲਾਂ ਨੇੜੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਅੱਜ ਇੱਕ ਕਾਰ ਸਵਾਰ ਵਿਅਕਤੀ 1500 ਰੁਪਏ ਦਾ ਤੇਲ ਪਵਾ ਕੇ ਬਿਨ੍ਹਾਂ ਪੈਸੇ ਦਿੱਤੇ ਰਫੂ ਚੱਕਰ ਹੋ ਗਿਆ। ਇਸ ਸਬੰਧੀ ਗੁਲਮੋਹਰ ਫੀਲਿੰਗ ਸਟੇਸ਼ਨ ਦੇ ਮੈਨੇਜਰ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਸਿਲਵਰ ਰੰਗ ਦੀ ਆਈ ਟਵੰਟੀ ਕਾਰ 'ਚ ਪਟਿਆਲਾ ਸਾਇਡ ਤੋਂ ਆਏ ਇੱਕ ਵਿਅਕਤੀ ਨੇ ਪੰਪ ਦੇ ਕਰਿੰਦੇ ਨੂੰ ਕਾਰ 'ਚ 1500 ਰੁਪਏ ਦਾ ਤੇਲ ਪਾਉਣ ਲਈ ਆਖਿਆ ਤੇ ਕਿਹਾ ਕਿ ਉਹ ਪੈਸਿਆ ਦਾ ਭੁਗਤਾਨ ਨਗਦ ਦੀ ਬਜਾਏ ਅਪਣੇ ਏ.ਟੀ.ਐਮ ਕਾਰਡ ਰਾਹੀਂ ਕਰੇਗਾ ਪਰ ਅਚਾਨਕ ਹੀ ਕਾਰ ਚਾਲਕ ਤੇਲ ਪਵਾ ਕੇ ਪੈਸੇ ਦਿੱਤੇ ਬਿਨ੍ਹਾਂ ਮੌਕੇ ਤੋਂ ਕਾਰ ਭਜਾ ਕੇ ਲੈ ਗਿਆ। ਜਿਸਦਾ ਪੰਪ ਦੇ ਮੁਲਾਜ਼ਮਾ ਵੱਲੋਂ ਪਿੱਛਾ ਵੀ ਕੀਤਾ ਗਿਆ ਪਰ ਕਾਰ ਚਾਲਕ ਬੜੀ ਤੇਜ਼ੀ ਨਾਲ ਕਾਰ ਨਾਭਾ ਵੱਲ ਨੂੰ ਭਜਾ ਕੇ ਲੈ ਗਿਆ। ਪੈਟਰੋਲ ਪੰਪ ਦੇ ਮੈਨੇਜਰ ਨੇ ਦੱਸਿਆ ਕਿ ਫਰਾਰ ਹੋਏ ਵਿਅਕਤੀ ਦੀ ਕਾਰ ਦਾ ਰਜਿਸਟਰੇਸ਼ਨ ਨੰਬਰ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ ਜਿਸ ਸਬੰਧੀ ਥਾਣਾ ਭਵਾਨੀਗੜ੍ਹ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਦੂਜੇ ਪਾਸੇ, ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।