ਕਾਰ ’ਚ ਸਡ਼ੀ ਮਿਲੀ ਏ. ਜੀ. ਐੱਮ. ਦੀ ਲਾਸ਼

01/19/2019 3:49:10 AM

ਮੋਹਾਲੀ, (ਕੁਲਦੀਪ)- ਸਨੇਟਾ-ਮੋਹਾਲੀ ਰੋਡ ’ਤੇ ਪਿੰਡ ਸੰਭਾਲਕੀ ਦੇ ਨੇੜੇ ਸਡ਼ਕ ਕੰਢੇ ਖ਼ਤਾਨਾਂ ਵਿਚ ਇਕ ਮੋਬਾਇਲ ਕੰਪਨੀ ਦੇ ਏ. ਜੀ. ਐੱਮ. ਦੀ ਸਡ਼ੀ ਹੋਈ ਕਾਰ ਵਿਚੋਂ ਲਾਸ਼ ਬਰਾਮਦ ਹੋਣ ਦੀ ਘਟਨਾ ਨੇ ਇਲਾਕੇ ਵਿਚ ਸਨਸਨੀ ਫੈਲਾਅ ਦਿੱਤੀ। ਵੀਰਵਾਰ ਦੀ ਰਾਤ ਸਵਾ 11 ਵਜੇ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਵਿਚੋਂ ਸੜੀ ਹੋਈ ਲਾਸ਼ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ।  ਉਸ ਦੀ ਪਛਾਣ ਮਾਧਵ ਚਤੁਰਵੇਦੀ (40) ਵਜੋਂ ਹੋਈ, ਜੋ ਕਿ ਪਿਛਲੇ ਦਿਨ ਤੋਂ ਗਾਇਬ ਦੱਸਿਆ ਜਾ ਰਿਹਾ ਸੀ। ਸੋਹਾਣਾ ਥਾਣੇ ਤੋਂ ਮੌਕੇ ’ਤੇ ਪਹੁੰਚੇ ਸਬ-ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ’ਤੇ ਕਿਸੇ ਜਤਿਨ ਨਾਂ ਦੇ ਟੈਕਸੀ ਚਾਲਕ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਸੰਭਾਲਕੀ ਨੇਡ਼ੇ ਇਕ ਕਾਰ ਨੂੰ ਅੱਗ ਲੱਗੀ ਹੋਈ ਹੈ। ਜਦੋਂ ਤਕ ਪੁਲਸ ਪਹੁੰਚੀ, ਉਦੋਂ ਤਕ ਕਾਰ ਤੇ ਚਾਲਕ ਦੋਵੇਂ  ਬੁਰੀ ਤਰ੍ਹਾਂ ਸੜ ਚੁੱਕੇ ਸਨ।
 ਕੋਈ ਪਿੱਛਾ ਤਾਂ ਨਹੀਂ ਸੀ ਕਰ ਰਿਹਾ ਮਾਧਵ ਦਾ
 ਦੂਜੇ ਪਾਸੇ ਪੁਲਸ ਇਸ ਨੂੰ ਕਤਲ ਕੀਤੇ ਜਾਣ ਦੇ ਪੱਖ ਤੋਂ ਵੀ ਸੋਚ ਕੇ ਜਾਂਚ ਕਰਨ ਵਿਚ ਜੁਟ ਗਈ ਹੈ ਕਿ ਕਿਤੇ ਉਸ ਦਾ ਕਤਲ ਕਰਕੇ ਕਿਸੇ ਨੇ ਕਾਰ ਨੂੰ ਅੱਗ ਨਾ ਲਾ ਦਿੱਤੀ ਹੋਵੇ। ਸਡ਼ਕ ’ਤੇ ਤੇਜ਼ ਰਫ਼ਤਾਰ ਵਿਚ ਚੱਲ ਰਹੀ ਕਾਰ ਇਕਦਮ ਬੇਕਾਬੂ ਹੋ ਕੇ ਸਡ਼ਕ ਕੰਢੇ ਝਾਡ਼ੀਆਂ ਵਿਚ ਜਾ ਕੇ ਕਾਫ਼ੀ ਨੀਵੀਂ ਥਾਂ ’ਤੇ ਜਾ ਕੇ ਰੁਕੀ ਹੋਈ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪੁਲਸ ਇਸ ਪੱਖੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਵਿਅਕਤੀ ਇਸ ਕਾਰ ਦਾ ਪਿੱਛਾ ਤਾਂ ਨਹੀਂ ਸੀ ਕਰ ਰਿਹਾ ਅਤੇ ਕਾਰ ਰੁਕਦਿਅਾਂ ਹੀ ਉਸ ਨੂੰ ਕਾਰ ਦੇ ਵਿਚ ਹੀ ਅੱਗ ਲਾ ਦਿੱਤੀ ਗਈ ਹੋਵੇ। ਪੁਲਸ  ਮੁਤਾਬਕ ਵੀਰਵਾਰ ਦੀ ਰਾਤ ਸਵਾ 11 ਵਜੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਲਾਸ਼ ਸੜ ਚੁੱਕੀ ਸੀ ਤੇ ਦੋਵੇਂ ਲੱਤਾਂ ਖਿਡ਼ਕੀ ’ਚੋਂ ਬਾਹਰ ਲਟਕ ਰਹੀਆਂ ਸਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਾਰ ਚਲਾਉਣ ਵਾਲੇ ਇਸ ਵਿਅਕਤੀ ਨੇ ਬਾਹਰ ਨਿਕਲਣ ਦਾ ਯਤਨ ਕੀਤਾ ਹੋਵੇਗਾ। ਜੋ ਵੀ ਹੋਵੇ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 ਮੌਕੇ ’ਤੇ ਪਹੁੰਚੇ ਠੇਕੇਦਾਰ ਨੇ ਖੋਲ੍ਹਿਆ ਲਾਸ਼ ਦਾ ਭੇਦ
 ਸ਼ੁੱਕਰਵਾਰ ਸਵੇਰੇ 10 ਵਜੇ ਜਦੋਂ ਪੁਲਸ ਸਟੇਸ਼ਨ ਸੋਹਾਣਾ ਤੋਂ ਐੱਸ. ਐੱਚ. ਓ. ਇੰਸਪੈਕਟਰ ਤਰਲੋਚਨ ਸਿੰਘ ਅਤੇ ਫਾਰੈਂਸਿਕ ਮਾਹਿਰਾਂ ਦੀਆਂ ਟੀਮਾਂ ਮੌਕੇ ’ਤੇ ਜਾਂਚ ਕਰ ਰਹੀਆਂ ਸਨ ਤਾਂ ਇਕ ਵਿਅਕਤੀ ਅਚਾਨਕ ਉਥੇ ਆਇਆ, ਜੋ ਕਿ ਖ਼ੁਦ ਨੂੰ ਠੇਕੇਦਾਰ ਦੱਸਦਾ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਸੈਕਟਰ-108 ਦਾ ਵਸਨੀਕ ਇਕ ਵਿਅਕਤੀ ਦੋ ਦਿਨਾਂ ਤੋਂ ਭੇਤਭਰੀ ਹਾਲਤ ਵਿਚ ਲਾਪਤਾ ਹੈ। ਪੁਲਸ ਨੇ ਠੇਕੇਦਾਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਲਾਸ਼ ਮਾਧਵ ਚਤੁਰਵੇਦੀ ਦੀ ਹੈ, ਜੋ ਕਿ ਮੋਹਾਲੀ ਦੇ ਸੈਕਟਰ-108 ਸਥਿਤ ਮਕਾਨ ਨੰਬਰ ਪੀ. ਪੀ.-32 ਦਾ ਵਸਨੀਕ ਸੀ।
 ਠੇਕੇਦਾਰ ਤੋਂ ਵੀ ਹੋ ਸਕਦੀ ਹੈ ਪੁੱਛਗਿੱਛ 
 ਘਟਨਾ ਵਾਲੀ ਥਾਂ ’ਤੇ ਅਚਾਨਕ ਪਹੁੰਚੇ ਠੇਕੇਦਾਰ ਨੇ ਜਦੋਂ ਪੁਲਸ ਨੂੰ ਦੱਸਿਆ ਕਿ ਸੈਕਟਰ-108 ਦਾ ਇਕ ਵਿਅਕਤੀ ਕੱਲ ਤੋਂ ਗਾਇਬ ਹੈ ਤਾਂ ਉਹ ਪੁਲਸ ਨੂੰ ਉਸ ਵਿਅਕਤੀ ਦੇ ਘਰ ਤਕ ਲੈ ਗਿਆ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪੁਲਸ ਇਸ ਕੇਸ ਦੀ ਗੁੱਥੀ ਸੁਲਝਾਉਣ ਲਈ ਠੇਕੇਦਾਰ ਤੋਂ ਵੀ ਡੂੰਘਾਈ ਨਾਲ ਪੁੱਛਗਿੱਛ ਕਰ ਸਕਦੀ ਹੈ ਕਿਉਂਕਿ ਪੁਲਸ ਦਾ ਮੰਨਣਾ ਹੈ ਕਿ ਠੇਕੇਦਾਰ ਨੂੰ ਕਿਵੇਂ ਪਤਾ ਲੱਗਾ ਕਿ ਉਕਤ ਵਿਅਕਤੀ ਇਕ ਦਿਨ ਤੋਂ ਗਾਇਬ ਸੀ, ਜਦਕਿ ਉਸ ਦੇ ਗਾਇਬ ਹੋਣ ਸਬੰਧੀ ਪੁਲਸ ਕੋਲ ਕੋਈ ਸੂਚਨਾ ਤਕ ਨਹੀਂ ਸੀ।
 ਆਈਡੀਆ ਕੰਪਨੀ ’ਚ ਏ. ਜੀ. ਐੱਮ. ਵਜੋਂ ਤਾਇਨਾਤ ਸੀ ਮਾਧਵ 
 ਪਤਾ ਲੱਗਾ ਹੈ ਕਿ ਮਾਧਵ ਚਤੁਰਵੇਦੀ ਆਈਡੀਆ ਕੰਪਨੀ ਦੇ ਅੰਬਾਲਾ ਸਥਿਤ ਦਫ਼ਤਰ ਵਿਚ ਏ. ਜੀ. ਐੱਮ. (ਪਲਾਨਿੰਗ) ਦੇ ਅਹੁਦੇ ’ਤੇ ਤਾਇਨਾਤ ਸੀ, ਜਦਕਿ ਇਸ ਤੋਂ ਕੁਝ ਸਮਾਂ ਪਹਿਲਾਂ ਉਸਦੀ ਡਿਊਟੀ ਪੰਚਕੂਲਾ ਵਿਖੇ ਸੀ। ਇਥੇ ਮੋਹਾਲੀ ਦੇ ਸੈਕਟਰ-108 ਵਿਚ ਉਸ ਨੇ ਕੁਝ ਸਮਾਂ ਪਹਿਲਾਂ ਪਲਾਟ ਖਰੀਦ ਕੇ ਕੋਠੀ ਬਣਾਈ ਸੀ। ਜਿਹੜੇ ਠੇਕੇਦਾਰ ਨੇ ਪੁਲਸ ਨੂੰ ਇਹ ਜਾਣਕਾਰੀ ਦਿੱਤੀ, ਉਸੀ ਠੇਕੇਦਾਰ ਨੇ ਹੀ ਮਾਧਵ ਦੀ ਕੋਠੀ ਬਣਾਈ ਸੀ।
 ਪੁਲਸ ਨੇ ਘਰ ਦੇ ਆਸ-ਪਾਸ ਕੀਤੀ ਪੁੱਛਗਿੱਛ 
 ਐੱਸ. ਐੱਚ. ਓ. ਤਰਲੋਚਨ ਸਿੰਘ ਅਤੇ ਸਨੇਟਾ ਪੁਲਸ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਮਾਧਵ ਦੀ ਰਿਹਾਇਸ਼ ’ਤੇ ਪਹੁੰਚ ਕੇ ਵੀ ਆਸ-ਪਾਸ ਦੇ ਲੋਕਾਂ ਅਤੇ ਉਸ ਦੇ ਘਰ ਕੰਮ ਕਰਨ ਵਾਲੀ ਅੌਰਤ ਕੋਲੋਂ ਪੁੱਛਗਿੱਛ ਕੀਤੀ। ਉਸ ਜਸਪਾਲ ਕੌਰ ਨਾਂ ਦੀ ਅੌਰਤ ਨੇ ਪੁਲਸ ਨੂੰ ਦੱਸਿਆ ਕਿ ਮਾਧਵ ਇਸ ਘਰ ਵਿਚ ਆਪਣੀ ਪਤਨੀ, ਦੋ ਬੱਚਿਆਂ (ਬੇਟੀ ਸਮ੍ਰਿਧੀ ਅਤੇ ਬੇਟੇ ਪ੍ਰਥਮ) ਅਤੇ ਪਿਤਾ ਨਾਲ ਰਹਿੰਦਾ ਸੀ। ਉਸ ਨੇ ਦੱਸਿਆ ਕਿ 5 ਜਨਵਰੀ ਨੂੰ ਮਾਧਵ ਦੀ ਪਤਨੀ ਡਾ. ਨਿਧੀ ਆਪਣੇ ਦੋਵੇਂ ਬੱਚਿਆਂ  ਤੇ ਪਿਤਾ ਨਾਲ ਆਪਣੇ ਜੱਦੀ ਘਰ ਕੋਟਾ (ਰਾਜਸਥਾਨ) ਚਲੀ ਗਈ ਸੀ, ਜਿਨ੍ਹਾਂ  21 ਜਨਵਰੀ ਨੂੰ ਵਾਪਸ ਆਉਣਾ ਸੀ। ਮਾਧਵ ਇਨ੍ਹੀਂ ਦਿਨੀਂ ਘਰ ਵਿਚ ਇਕੱਲਾ ਰਹਿ ਰਿਹਾ ਸੀ ਅਤੇ ਖਾਣਾ ਆਦਿ ਬਾਹਰੋਂ ਹੀ ਮੰਗਵਾਉਂਦਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਨੂੰ ਫੋਨ ’ਤੇ ਸੂਚਿਤ ਵੀ ਕਰ ਦਿੱਤਾ ਹੈ, ਜਿਸ ਦੇ ਆਉਣ ’ਤੇ ਪੁੱਛਗਿੱਛ ਕੀਤੀ ਜਾਵੇਗੀ।
 ਲਾਸ਼ ਦਾ ਡੀ. ਐੱਨ. ਏ. ਕਰਵਾਉਣ ’ਤੇ ਸਾਹਮਣੇ ਆਵੇਗੀ ਸੱਚਾਈ 
ਫਾਰੈਂਸਿਕ ਮਾਹਿਰਾਂ ਦੀ ਟੀਮ ਦਾ ਕਹਿਣਾ ਸੀ ਕਿ ਸਡ਼ ਚੁੱਕੀ ਕਾਰ ਦੇ ਅੰਦਰੋਂ ਅਤੇ ਬਾਹਰੋਂ ਕਈ ਸੈਂਪਲ ਲਏ ਗਏ ਹਨ। ਕਾਰ ਵਿਚ ਸੜ ਚੁੱਕੀ ਲਾਸ਼ ਦਾ ਖੂਨ ਵੀ ਡੁੱਲ੍ਹਿਆ ਹੋਇਆ ਸੀ, ਜਿਸ ਦਾ ਸੈਂਪਲ ਵੀ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖੂਨ ਦਾ ਡੀ. ਐੱਨ. ਏ. ਕਰਵਾਇਆ ਜਾਵੇਗਾ, ਜਿਸ ਤੋਂ ਸਾਫ਼ ਹੋ ਸਕੇਗਾ ਕਿ ਇਹ ਲਾਸ਼ ਮਾਧਵ ਦੀ ਹੀ ਹੈ ਜਾਂ ਕਿਸੇ ਹੋਰ ਵਿਅਕਤੀ ਦੀ ਤਾਂ ਨਹੀਂ। 
 ਪੁਲਸ ਵਲੋਂ ਧਾਰਾ 174 ਤਹਿਤ ਕਾਰਵਾਈ 
 ਸੰਪਰਕ ਕਰਨ ’ਤੇ ਡੀ. ਐੱਸ. ਪੀ. ਸਿਟੀ-2 ਰਮਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰ ਰਹੀ ਹੈ। ਪੋਸਟਮਾਰਟਮ ਤੇ ਡੀ. ਐੱਨ. ਏ. ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਕੁਝ ਪਤਾ ਲਗ ਸਕੇਗਾ।


KamalJeet Singh

Content Editor

Related News