ਕੈਪਟਨ ਤੇ ਕਾਂਗਰਸ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਹਨ : ਭਾਈ ਲੌਂਗੋਵਾਲ

10/29/2020 11:57:22 PM

ਤਲਵੰਡੀ ਸਾਬੋ,(ਮੁਨੀਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਤੇ ਦੋਸ਼ ਲਾਏ ਹਨ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਨਾਲ ਟਕਰਾਅ ਵਾਲਾ ਜਾਂ ਦਖਲਅੰਦਾਜੀ ਵਾਲਾ ਮਾਹੌਲ ਬਣਾਉਣ ਤੋਂ ਸਰਕਾਰ ਗੁਰੇਜ ਕਰੇ।
ਵੀਰਵਾਰ ਇੱਥੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਭਾਈ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਤਿਕਾਰ ਕਮੇਟੀ ਦੇ ਆਗੂ ਪਿਛਲੇ 40 ਦਿਨਾਂ ਤੋਂ ਦਰਬਾਰ ਸਾਹਿਬ ਕੰਪਲੈਕਸ ਅੱਗੇ ਧਰਨਾ ਦੇ ਰਹੇ ਸਨ ਅਤੇ ਉੱਥੇ ਮਾੜੀਆਂ ਹਰਕਤਾਂ ਕਰਨ ਦੇ ਨਾਲ ਨਾਲ ਨਸ਼ੇ ਵਗੈਰਾ ਵੀ ਕਰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਧਰਨਾਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਦਖਲਅੰਦਾਜੀ ਦੀ ਕੋਸ਼ਿਸ ਕੀਤੀ ਗਈ ਤੇ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਧਰਨਾਕਾਰੀਆਂ ਨੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਬੈਰਕਾਂ ਛੱਡ ਕੇ ਕੁਰਬਾਨੀ ਕਰਨ ਵਾਲੇ ਉਨ੍ਹਾਂ ਧਰਮੀ ਫੌਜੀਆਂ ਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ ਜੋ ਹੁਣ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਨਿਭਾ ਰਹੇ ਹਨ ਜੋ ਅਤਿ ਨਿੰਦਣਯੋਗ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੂੰ ਫੜ ਕੇ ਜੇਲ ਵਿੱਚ ਸੁੱਟਣ ਦੀ ਵਜਾਏ ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ 400 ਮੁਲਾਜਮਾਂ ਤੇ ਪਰਚੇ ਦਰਜ ਕਰ ਸੁੱਟੇ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਦੀ ਮੰਸ਼ਾ ਚੰਗੀ ਨਹੀ।

ਭਾਈ ਲੌਂਗੋਵਾਲ ਨੇ ਦੋਸ਼ ਲਾਏ ਕਿ ਸ਼੍ਰੋਮਣੀ ਕਮੇਟੀ ਦੇ ਵਿਰੋਧੀਆਂ ਨੂੰ ਵੀ ਸਰਕਾਰ ਸ਼ਹਿ ਦੇ ਰਹੀ ਹੈ।ਬਿਨਾਂ ਕਿਸੇ ਜਥੇਬੰਦੀ ਦਾ ਨਾਂ ਲਏ ਪ੍ਰਧਾਨ ਨੇ ਕਿਹਾ ਕਿ ਸਰਕਾਰ ਦਾ ਹੱਥਠੋਕਾ ਬਣੇ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ ਅਤੇ ਇਤਿਹਾਸ ਵੀ ਗਵਾਹ ਹੈ ਕਿ ਹੱਥਠੋਕਿਆਂ ਦਾ ਹਸ਼ਰ ਕਦੇ ਚੰਗਾ ਨਹੀ ਰਿਹਾ।ਇਸ ਮੌਕੇ ਉਨਾਂ ਨਾਲ ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਅੰਤ੍ਰਿਗ ਕਮੇਟੀ,ਜਥੇ:ਗੁਰਤੇਜ ਸਿੰਘ ਢੱਡੇ ਅਤੇ ਭਾਈ ਗੁਰਪ੍ਰੀਤ ਸਿੰਘ ਝੱਬਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ ਹਾਜਿਰ ਸਨ।
 


Deepak Kumar

Content Editor

Related News