ਕੈਪਟਨ ਵਲੋਂ ਲਗਾਤਾਰ ਤੀਸਰੀ ਵਾਰ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਬਹੁਤ ਮੰਦਭਾਗਾ : ਵਿਨਰਜੀਤ ਗੋਲਡੀ

Wednesday, Jul 31, 2019 - 11:59 PM (IST)

ਕੈਪਟਨ ਵਲੋਂ ਲਗਾਤਾਰ ਤੀਸਰੀ ਵਾਰ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਬਹੁਤ ਮੰਦਭਾਗਾ : ਵਿਨਰਜੀਤ ਗੋਲਡੀ

ਸੰਗਰੂਰ-ਅੱਜ ਜਿੱਥੇ ਪੁਰਾ ਦੇਸ਼ ਜਲਿਆਂ ਵਾਲਾ ਬਾਗ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਸ.ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਸੀ, ਓਥੇ ਸੁਨਾਮ ਊਧਮ ਸਿੰਘ ਵਾਲਾ ਦੇ ਲੋਕ ਵੀ ਮੁੱਖ ਮੰਤਰੀ ਸਾਹਿਬ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਕਿ ਸ਼ਾਇਦ ਤੀਸਰੇ ਸਾਲ ਤਾਂ ਉਹ ਆਪ ਆ ਕੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪਰ ਲਗਾਤਾਰ ਤੀਸਰੀ ਵਾਰ ਸ਼ਹੀਦ ਦੀ ਬਰਸੀ ਤੇ ਨਾ ਆ ਕੇ ਉਹਨਾਂ ਸੁਨਾਮ ਦੇ ਲੋਕਾਂ ਨੂੰ ਨਿਰਾਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਪੀ.ਆਰ.ਟੀ.ਸੀ. ਦੇ ਸਾਬਕਾ ਉਪ ਚੇਅਰਮੈਨ ਇੰਜੀਨੀਅਰ ਵਿਨਰਜੀਤ ਸਿੰਘ ਗੋਲਡੀ ਨੇ ਜਿੱਥੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਉੱਥੇ ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲਗਾਤਾਰ ਤੀਸਰੇ ਸਾਲ ਵੀ ਜੋਰ ਸ਼ੋਰ ਨਾਲ ਕੀਤੇ ਪ੍ਰਚਾਰ ਪਿਛੋਂ ਵੀ ਸ਼ਹੀਦ ਊਧਮ ਸਿੰਘ ਨੂੰ ਵਿਸਾਰਨਾ ਮੰਦਭਾਗਾ ਹੈ। ਸ.ਗੋਲਡੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹਰ ਸਾਲ ਇਸੇ ਤਰ੍ਹਾਂ ਸ਼ਹੀਦ ਨੂੰ ਆਪ ਆ ਕੇ ਸ਼ਰਧਾਂਜਲੀ ਦੇਣ ਤੋਂ ਕਿਨਾਰਾ ਕਰ ਜਾਂਦੇ ਹਨ, ਜਦ ਕਿ ਪਟਿਆਲੇ ਤੋਂ ਸੁਨਾਮ ਦੀ ਦੂਰੀ ਮਹਿਜ 40-45 ਮਿੰਟ ਦੀ ਹੀ ਹੈ, ਜਦ ਕਿ ਚੰਡੀਗੜ੍ਹ ਤੋਂ ਵੀ ਸੁਨਾਮ ਕੋਈ ਬਹੁਤਾ ਦੂਰ ਨਹੀਂ ਹੈ।

PunjabKesari

ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰ ਸਾਲ ਖੁਦ ਸੁਨਾਮ ਆ ਕੇ ਸ਼ਹੀਦ ਨੂੰ ਸ਼ਰਧਾ ਅਰਪਿਤ ਕਰਦੇ ਸਨ ਅਤੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ 'ਚ ਸ਼ਾਮਲ ਹੁੰਦੇ ਸਨ। ਸ.ਗੋਲਡੀ ਮੁਤਾਬਕ ਜੇਕਰ ਮੁੱਖ ਮੰਤਰੀ ਆਪ ਆ ਕੇ ਸ਼ਹੀਦੀ ਸਮਾਰਕ ਦੀ ਸ਼ੁਰੂਆਤ ਕਰਦੇ ਤਾਂ ਹਲਕੇ 'ਚ ਚੰਗਾ ਅਸਰ ਹੁੰਦਾ ਪਰ ਕਾਂਗਰਸ ਸਰਕਾਰ ਤਾਂ ਸ਼ੁਰੂ ਤੋਂ ਹੀ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਹੀ ਨਹੀਂ ਮੰਨਦੀ ਇਸੇ ਲਈ ਹਰ ਸਾਲ ਮੁੱਖ ਮੰਤਰੀ ਆਪ ਸੁਨਾਮ ਆਉਣ ਤੋਂ ਪਾਸਾ ਵੱਟ ਜਾਂਦੇ ਹਨ। ਇਸ ਸਾਲ ਵੀ ਆਪਣੀ ਜਗ੍ਹਾ ਸ. ਚੰਨੀ ਜੀ ਨੂੰ ਭੇਜਣਾ ਤੇ ਢਾਈ-ਤਿੰਨ ਹਜ਼ਾਰ ਇੱਟ ਮੰਗਾ ਕੇ ਸਮਾਰਕ ਦਾ ਨੀਂਹ ਪੱਥਰ ਰੱਖਣਾ ਮਹਿਜ ਖਾਨਾ ਪੂਰਤੀ ਹੈ, ਜਦ ਕਿ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਖੁਦ ਸ਼ਹੀਦੀ ਸਮਾਰਕ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦਾ ਨਾ ਆਉਣਾ ਮੰਦਭਾਗਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਹੈ, ਜਦਕਿ ਅਕਾਲੀ ਸਰਕਾਰ ਵੇਲੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਨੀਂਹ ਪੱਥਰ ਰੱਖਿਆ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ,ਵਿਨਰਜੀਤ ਸਿੰਘ ਗੋਲਡੀ  ਦੇ ਯਤਨਾਂ ਸਦਕਾ ਸ਼ਹੀਦੀ ਸਮਾਰਕ ਲਈ ਸਾਰਾ ਪੈਸਾ ਪਾਸ ਹੋ ਚੁੱਕਾ ਸੀ ਪਰ ਚੋਣ ਯਾਬਤਾ ਲੱਗਣ ਕਰਕੇ ਸਮਾਰਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜਿੱਥੇ ਅਕਾਲੀ ਸਰਕਾਰ ਵੇਲੇ ਸ਼ਹੀਦ ਊਧਮ ਸਿੰਘ ਜੀ ਨੂੰ ਮੁੱਖ ਮੰਤਰੀ ਆਪ ਆ ਕੇ ਸ਼ਰਧਾ ਸੁਮਨ ਭੇਂਟ ਕਰਦੇ ਸਨ ਪਰ ਕਾਂਗਰਸ ਮੁੱਖ ਮੰਤਰੀ ਵਲੋਂ ਲਗਾਤਾਰ ਤੀਸਰੇ ਸਾਲ ਵੀ ਸ਼ਹੀਦ ਨੂੰ ਵਿਸਾਰਨਾ ਮੰਦਭਾਗਾ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ।


author

Karan Kumar

Content Editor

Related News