ਕੈਬਨਿਟ ਮੰਤਰੀ ਅਰੋੜਾ ਨੇ ਹੁਨਰ ਵਿਕਾਸ ਦੇ ‘ਹੱਬ ਤੇ ਸਪੋਕ’ ਮਾਡਲ ਦਾ ਕੀਤਾ ਉਦਘਾਟਨ

Saturday, Jul 27, 2024 - 02:09 AM (IST)

ਜੈਤੋ (ਪਰਾਸ਼ਰ) - ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ. ਐੱਸ. ਡੀ. ਸੀ.) ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਅੱਜ ਹੁਨਰ ਵਿਕਾਸ ਦੇ ‘ਹੱਬ ਅਤੇ ਸਪੋਕ ਮਾਡਲ’ ਲਾਂਚ ਕੀਤਾ। ਅਮਨ ਅਰੋੜਾ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ, ਪੰਜਾਬ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਰੋੜਾ ਨੇ ਸੰਬੋਧਿਤ ਹੁੰਦਿਆਂ ਦੱਸਿਆ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਕਿੱਲ ਡਿਵੈਲਪਮੈਂਟ ਵਾਲੇ ਹੁਨਰ ਵਿਕਾਸ ਦੇ ਹੱਬ ਤੇ ਸਪੋਕ ਮਾਡਲ ਨੂੰ ਲਾਂਚ ਕਰਨ ਮੌਕੇ ਆਏ ਹਨ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਕੋਲ ਸਕਿੱਲ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਲਾਂਚ ਹੋਣ ਨਾਲ ਨੌਜਵਾਨਾਂ ਨੂੰ ਕਾਫੀ ਲਾਭ ਪੁੱਜੇਗਾ।

ਇਸ ਮੌਕੇ ਵਿਧਾਇਕ ਫਰੀਦਕੋਟ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਫਰੀਦਕੋਟ ਆਉਣ ਤੇ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਨਾਲ ਬਾਬਾ ਫਰੀਦ ਯੂਨੀਵਰਸਿਟੀ ਨੇ ਫ਼ਰੀਦਕੋਟ ਦਾ ਨਾਂ ਰੌਸ਼ਨ ਕੀਤਾ ਹੈ, ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।

ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀ. ਐੱਫ. ਯੂ. ਐੱਚ. ਐੱਸ. ਨੇ ਅੰਤਰਰਾਸ਼ਟਰੀ ਹੁਨਰ ਕੇਂਦਰ ਅਤੇ ਰਾਜ ਹੱਬ ਵਜੋਂ ਬੀ. ਐੱਫ. ਯੂ. ਐੱਚ. ਐੱਸ. ਦੀ ਤਾਲਮੇਲ ਅਤੇ ਮੇਜ਼ਬਾਨੀ ਦੀ ਭੂਮਿਕਾ ’ਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੱਬ ਅਤੇ ਸਪੋਕ ਮਾਡਲ ਵਿੱਚ ਕਈ ਸੰਸਥਾਵਾਂ ਸ਼ਾਮਲ ਹੋਣਗੀਆਂ, ਜਿਵੇਂ ਕਿ ਏਮਜ਼ ਬਠਿੰਡਾ ਜੋ ਕਿ ਸਪੋਕ ਵਜੋਂ ਸੇਵਾ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਾਪਾਨ, ਆਸਟ੍ਰੇਲੀਆ, ਯੂ.ਕੇ., ਆਇਰਲੈਂਡ ਅਤੇ ਕੈਨੇਡਾ ਸਮੇਤ 15 ਦੇਸ਼ ਪਹਿਲਾਂ ਹੀ ਐੱਨ.ਐੱਸ.ਡੀ.ਸੀ ਰਾਹੀਂ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਇਹ ਮਾਡਲ ਹੁਨਰ ਵਿਕਾਸ ਲਈ ਇੱਕ ਅਤਿ-ਆਧੁਨਿਕ ਨੈਟਵਰਕ ਵਜੋਂ ਕੰਮ ਕਰੇਗਾ ਅਤੇ ਇੱਕ ਤਾਲਮੇਲ ਪ੍ਰਣਾਲੀ ਦੇ ਅਧੀਨ ਕਈ ਸੰਸਥਾਵਾਂ ਨੂੰ ਇਕੱਠਾ ਕਰੇਗਾ। ਉਨ੍ਹਾਂ ਦੱਸਿਆ ਕਿ ਐਨ.ਐਸ.ਡੀ.ਸੀ. ਇੰਟਰਨੈਸ਼ਨਲ ਸਕਿੱਲ ਸੈਂਟਰ ਕੇਂਦਰ ਅੰਤਰਰਾਸ਼ਟਰੀ ਹੁਨਰ ਵਿਕਾਸ ਵਿੱਚ ਉੱਤਮਤਾ ਦਾ ਇੱਕ ਚਾਨਣ ਮੁਨਾਰਾ ਹੋਵੇਗਾ, ਜੋ ਸਾਨੂੰ ਦੁਨੀਆ ਭਰ ਦੇ ਪ੍ਰਮੁੱਖ ਦੇਸ਼ਾਂ ਨਾਲ ਜੋੜੇਗਾ ਅਤੇ ਗਲੋਬਲ ਸਹਿਯੋਗ ਲਈ ਨਵੇਂ ਰਾਹ ਖੋਲ੍ਹੇਗਾ।

ਯੂਕੇ ਹੈਲਥਕੇਅਰ ਕੋਰਸਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਕੋਰਸ ਸਾਡੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗਤਾਵਾਂ ਅਤੇ ਮੁਹਾਰਤ ਹਾਸਲ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰਨਗੇ। ਪੰਜਾਬ ਹੁਨਰ ਵਿਕਾਸ ਕੇਂਦਰ ਦੀ ਪੁਨਰ ਸੁਰਜੀਤੀ ਵਿੱਚ ਨਵੇਂ ਹੋਸਟਲ ਅਤੇ ਸਹੂਲਤਾਂ ਸ਼ਾਮਲ ਹਨ ਜੋ ਸਾਡੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਯੂਰੋਲੋਜੀ ਵਿਭਾਗ ਅਤੇ ਡਾਇਲਸਿਸ ਯੂਨਿਟਾਂ ਅਤੇ ਰੋਬੋਟਿਕਸ ਅਤੇ ਰੀਨਲ ਟ੍ਰਾਂਸਪਲਾਂਟ ਡਾਇਲਸਿਸ ਮਸ਼ੀਨਾਂ ਦੇ 10 ਯੂਨਿਟ ਲਗਾਏ ਗਏ ਹਨ। ਇਹ ਕੇਂਦਰ ਉੱਨਤ ਖੋਜ ਅਤੇ ਕਲੀਨਿਕਲ ਉੱਤਮਤਾ ਦੇ ਕੇਂਦਰ ਵਜੋਂ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਬੀ.ਐਫ.ਯੂ.ਐੱਚ.ਐਸ ਇਸ ਮਹੱਤਵਪੂਰਨ ਪਹਿਲਕਦਮੀ ਰਾਹੀਂ ਹੁਨਰ ਵਿਕਾਸ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਉਣ ਲਈ ਵਚਨਬੱਧ ਹੈ, ਜੋ ਕਿ ਸਿਹਤ ਵਿਗਿਆਨ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ।

ਇਸ ਉਪਰੰਤ ਕੋਟਕ ਮਹਿੰਦਰਾ ਬੈਂਕ ਦੁਆਰਾ ਉਨ੍ਹਾਂ ਦੀ ਸੀ.ਐਸ.ਆਰ ਸਕੀਮ ਤਹਿਤ ਦਾਨ ਕੀਤੀ ਗਈ ਲਗਭਗ 35 ਲੱਖ ਰੁਪਏ ਦੀ ਇੱਕ ਅਤਿ-ਆਧੁਨਿਕ ਪੂਰੀ ਤਰਾਂ ਲੈਸ ਐਂਬੂਲੈਂਸ ਦਾ ਉਦਘਾਟਨ ਕੀਤਾ ਗਿਆ ਅਤੇ ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ।ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਵਰੁਣ ਕੁਮਾਰ, ਸ਼੍ਰੀ ਅੰਮ੍ਰਿਤਪਾਲ ਸਿੰਘ ਸੁਖਾਨੰਦ (ਐਮ.ਐਲ.ਏ., ਬਾਘਾਪੁਰਾਣਾ), ਡਾ: ਸੰਦੀਪ ਸਿੰਘ ਕੌੜਾ, ਸਲਾਹਕਾਰ, ਰਾਸ਼ਟਰੀ ਹੁਨਰ ਵਿਕਾਸ ਨਿਗਮ ਅਤੇ ਐਨ.ਐਸ.ਡੀ.ਸੀ.ਆਈ. ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਸੰਜੇ ਮਾਲਵੀਆ, ਸੰਸਥਾਪਕ ਅਤੇ ਸਲਾਹਕਾਰ, ਕਿਊ ਏ.ਆਈ. ਯੂ.ਕੇ, ਚੇਅਰਮੈਨ ਮਾਰਕਿਟ ਕਮੇਟੀ ਸ੍ਰੀ ਅਮਨਦੀਪ ਬਾਬਾ, ਬੀ.ਐਫ.ਯੂ.ਐੱਚ.ਐਸ ਦੇ ਸਾਰੇ ਕੰਨਸਟੀਚਿਉਟ ਕਾਲਜਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।


Inder Prajapati

Content Editor

Related News