ਬੰਟੀ ਰੋਮਾਣਾ ਦਾ ਕਾਂਗਰਸ ਤੇ ‘ਆਪ’ ’ਤੇ ਵੱਡਾ ਇਲਜ਼ਾਮ, ਕਿਹਾ-ਦੋਵੇਂ ਖੇਡ ਰਹੀਆਂ ਫਿਕਸਡ ਮੈਚ
Tuesday, Jan 04, 2022 - 04:01 PM (IST)
ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ’ਤੇ ਵੱਡੇ ਇਲਜ਼ਾਮ ਲਾਏ। ਬੰਟੀ ਰੋਮਾਣਾ ਨੇ ਕਿਹਾ ਕਿ ਪਿਛਲੇ ਸੱਤ-ਅੱਠ ਸਾਲਾਂ ਤੋਂ ਇਨ੍ਹਾਂ ਦੋਵਾਂ ਪਾਰਟੀਆਂ ਨੇ ਡਰੱਗ ਦੇ ਮੁੱਦੇ ਨੂੰ ਇਕ ਸਿਆਸੀ ਏਜੰਡਾ ਬਣਾ ਕੇ ਸਿਰਫ ਤੇ ਸਿਰਫ ਸਿਆਸਤ ਕੀਤੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਰ੍ਹੇ ਸਿਰਫ ਤੇ ਸਿਰਫ ਡਰੱਗ ਦੇ ਮੁੱਦੇ ਨੂੰ ਲੈ ਕੇ ਹੀ ਸਿਆਸਤ ਕਰ ਰਹੇ ਹਨ। ਰੋਮਾਣਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੇ ਹਾਈਕਮਾਨ ਪੰਜਾਬ ਦੇ ਆਗੂਆਂ ਨੂੰ ਇੰਨਾ ਅਯੋਗ ਸਮਝਦੇ ਹਨ ਕਿ ਉਹ ਆਪਣੇ ਤੌਰ ’ਤੇ ਕੋਈ ਪ੍ਰੈੱਸ ਕਾਨਫਰੰਸ ਵੀ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਪਟਿਆਲਾ ਪਹੁੰਚ ਕੋਰੋਨਾ ਯੋਧਿਆਂ ਦੀ ਆਵਾਜ਼ ਕੀਤੀ ਬੁਲੰਦ, ਕਾਂਗਰਸ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
ਉਨ੍ਹਾਂ ਗ੍ਰਹਿ ਮੰਤਰੀ ਰੰਧਾਵਾ ’ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਦਿੱਲੀ ਤੋਂ ਆਈ ਕਾਂਗਰਸ ਆਗੂ ਇਕ ਕਠਪੁਤਲੀ ਦੀ ਤਰ੍ਹਾਂ ਟ੍ਰੀਟ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਫਿਕਸਡ ਮੈਚ ਖੇਡ ਰਹੀਆਂ ਹਨ। ਇਹ ਪਾਰਟੀਆਂ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਘਬਰਾਹਟ ’ਚ ਆ ਗਈਆਂ ਹਨ ਤੇ ਪੁੱਠੇ-ਸਿੱਧੇ ਬਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਰਾਘਵ ਚੱਢਾ ਤੇ ਸੁੱਖੀ ਰੰਧਾਵਾ ਦੀਆਂ ਰੋਜ਼ ਹੀ ਮੀਟਿੰਗਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਏਜੰਡਾ ਤੈਅ ਕਰਦੀਆਂ ਹਨ ਕਿ ਅਗਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੀ ਕਹਿਣਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਅਗਾਊਂ ਜ਼ਮਾਨਤ ਲੈਣ ਦਾ ਅਧਿਕਾਰ ਹੈ ਅਤੇ ਕਾਂਗਰਸ ਦੋਹਰੇ ਮਾਪਦੰਡ ਅਪਣਾ ਰਹੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ