ਤਨਖਾਹ ਨਾ ਮਿਲਣ ਤੋਂ ਗੁੱਸੇ ’ਚ ਆਏ ਬੀ. ਐੱਸ. ਐੱਨ. ਐੱਲ. ਕੰਟਰੈਕਟ ਵਰਕਰ ਮੋਬਾਇਲ ਟਾਵਰ ’ਤੇ ਚਡ਼੍ਹੇ

Tuesday, Jan 01, 2019 - 01:49 AM (IST)

ਤਨਖਾਹ ਨਾ ਮਿਲਣ ਤੋਂ ਗੁੱਸੇ ’ਚ ਆਏ ਬੀ. ਐੱਸ. ਐੱਨ. ਐੱਲ. ਕੰਟਰੈਕਟ ਵਰਕਰ ਮੋਬਾਇਲ ਟਾਵਰ ’ਤੇ ਚਡ਼੍ਹੇ

ਫਾਜ਼ਿਲਕਾ, (ਜ. ਬ.)– ਬੀ. ਐੱਸ. ਐੱਨ. ਐੱਲ. ਕੈਜ਼ੂਅਲ ਅਤੇ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਫਿਰੋਜ਼ਪੁਰ ਮੰਡਲ ਦੇ ਵਰਕਰਾਂ ਨੂੰ ਬੀਤੇ 5 ਮਹੀਨਿਆਂ ਤੋਂ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਬੀ. ਐੱਸ. ਐੱਨ. ਐੱਲ. ਦਫਤਰ ਦੇ ਕੰਪਲੈਕਸ ’ਚ ਸਥਾਪਤ ਬੀ. ਐੱਸ. ਐੱਨ. ਐੱਲ. ਦੇ ਮੋਬਾਇਲ ਟਾਵਰ ’ਤੇ ਵਰਕਰ ਚਡ਼੍ਹ ਗਏ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਅਤੇ ਜਗਦੀਸ਼ ਲਾਲ ਜਲਾਲਾਬਾਦ ਅੱਜ ਦੁਪਹਿਰ ਕਰੀਬ 2.30 ਵਜੇ ਟਾਵਰ ’ਤੇ ਚਡ਼੍ਹ ਗਏ। ਯੂਨੀਅਨ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਦੱਸਿਆ ਗਿਆ ਹੈ ਕਿ ਉਹ ਬੀਤੇ 15 ਤੋਂ 20 ਸਾਲਾਂ ਤੋਂ ਬੀ. ਐੱਸ. ਐੱਨ. ਐੱਲ. ਲਈ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਕਸਰ ਕਈ-ਕਈ ਮਹੀਨਿਆਂ ਤੱਕ ਤਨਖਾਹ ਨਹੀਂ ਮਿਲਦੀ। ਯੂਨੀਅਨ ਦੇ ਸੁਰਜੀਤ ਸਿੰਘ, ਲੇਖ ਰਾਜ, ਸਤਪਾਲ, ਹਰਨਾਮ ਚੰਦ, ਸੋਨਾ ਸਿੰਘ ਅਤੇ ਚਰਨਜੀਤ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਦੱਸਿਆ ਗਿਆ ਹੈ ਕਿ ਇਸ ਸਬੰਧ ’ਚ ਬੀ. ਐੱਸ. ਐੱਨ. ਐੱਲ. ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਫੰਡ ਨਹੀਂ ਹੈ। ਇਨ੍ਹਾਂ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਸੰਪਰਕ ਕਰਨ ’ਤੇ ਬੀ. ਐੱਸ. ਐੱਨ. ਐੱਲ. ਦੇ ਮੰਡਲ ਇੰਜੀਨੀਅਰ ਟੈਲੀਕਾਮ ਕੇ. ਕੇ. ਮਿੱਤਲ ਨੇ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਸਬੰਧਤ ਠੇਕੇਦਾਰ ਵੱਲੋਂ ਦਿੱਤੀ ਜਾਣੀ ਹੈ। ਉਨ੍ਹਾਂ ਵੱਲੋਂ ਜੋ ਵਿਭਾਗੀ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਹੁੰਦੀਆਂ ਹਨ, ਉਹ ਪੂਰੀਆਂ ਕੀਤੀਆਂ ਗਈਆਂ ਹਨ। ਇਸ ਮੌਕੇ  ਪੁਲਸ ਅਧਿਕਾਰੀ ਪੁੱਜ ਗਏ ਸਨ। 


author

KamalJeet Singh

Content Editor

Related News