ਬਲੈਕਮੇਲ ਕਰ ਕੇ ਮਾਰੀ 25 ਲੱਖ ਦੀ ਠੱਗੀ, ਲਡ਼ਕੀ ਸਣੇ 2 ’ਤੇ ਪਰਚਾ

Monday, Nov 05, 2018 - 12:29 AM (IST)

ਬਲੈਕਮੇਲ ਕਰ ਕੇ ਮਾਰੀ 25 ਲੱਖ ਦੀ ਠੱਗੀ, ਲਡ਼ਕੀ ਸਣੇ 2 ’ਤੇ ਪਰਚਾ

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਇਕ ਵਿਅਕਤੀ ਨੂੰ ਬਲੈਕਮੇਲ ਕਰ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਇਕ ਲਡ਼ਕੀ ਸਮੇਤ ਦੋ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਸੁਨਾਮ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮੁਦੱਈ ਤਰਸੇਮ ਚੰਦ ਵਾਸੀ ਸੁਨਾਮ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਉਸ ਨੂੰ ਇਕ ਅਣਪਛਾਤੇ ਨੰਬਰ ਤੋਂ ਇਕ ਲਡ਼ਕੀ ਵਾਰ-ਵਾਰ ਫੋਨ ਕਰ ਕੇ ਤੰਗ-ਪ੍ਰੇਸ਼ਾਨ ਕਰਦੀ ਰਹੀ। ਪਰਮਜੀਤ ਸਿੰਘ ਜੋ ਮੁਦੱਈ ਦਾ ਬਿਜ਼ਨੈੱਸ ਪਾਰਟਨਰ ਹੈ, ਨੇ ਉਕਤ ਲਡ਼ਕੀ ਦਾ ਪਤਾ ਲਾਉਣ ਲਈ ਮੁਦੱਈ ਦੀ ਜਾਣ-ਪਛਾਣ  ਗੁਰਮੀਤ ਸਿੰਘ ਚੰਦਡ਼ ਵਾਸੀ ਜਾਖਲ ਰੋਡ ਸੁਨਾਮ ਨਾਲ ਕਰਵਾਈ ਅਤੇ ਗੁਰਮੀਤ ਸਿੰਘ ਨੇ ਸਿਮਰਨਜੀਤ ਕੌਰ ਵਾਸੀ ਰਮਿਆਣਾ ਜ਼ਿਲਾ ਫਰੀਦਕੋਟ ਨਾਲ ਮਿਲ ਕੇ ਮੁਦੱਈ ਨੂੰ ਮੋਹਾਲੀ ਬੁਲਾਇਆ ਅਤੇ ਕੋਈ ਨਸ਼ੇ ਵਾਲੀ ਚੀਜ਼ ਪਿਲਾਉਣ ਉਪਰੰਤ ਬੇਹੋਸ਼ ਕਰ ਕੇ ਇਕ ਫਲੈਟ ’ਚ ਲੈ ਗਏ। ਇਸ ਦੇ ਬਾਅਦ ਸਿਮਰਨਜੀਤ ਕੌਰ ਮੁਦੱਈ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਹੋਏ ਬਲੈਕਮੇਲ ਕਰਨ ਲੱਗੀ ਕਿ ਤੂੰ ਮੇਰੇ ਨਾਲ ਜਬਰ-ਜ਼ਨਾਹ ਕੀਤਾ ਹੈ। ਜਾਂਚ ਉਪਰੰਤ ਪਾਇਆ ਗਿਆ ਕਿ ਗੁਰਮੀਤ ਸਿੰਘ ਨੇ ਸਾਜ਼ਿਸ਼ ਰਚ ਕੇ ਸਿਮਰਨਜੀਤ ਕੌਰ ਨਾਂ ਦੀ ਲਡ਼ਕੀ ਤੋਂ ਫੋਨ ਕਰਵਾ ਕੇ ਉਸ ਨਾਲ ਜ਼ਬਰਦਸਤੀ ਕਰਨ, ਗਰਭਵਤੀ ਹੋਣ ਅਤੇ ਖੁਦ ਨੂੰ ਰਿਟਾਇਰਡ ਕਰਨਲ ਦੀ ਬੇਟੀ ਹੋਣ ਸਬੰਧੀ ਡਰਾ-ਧਮਕਾ ਕੇ 25 ਲੱਖ ਰੁਪਏ ਠੱਗੇ ਹਨ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਗੁਰਮੀਤ ਸਿੰਘ ਅਤੇ ਸਿਮਰਨਜੀਤ ਕੌਰ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News