​​​​​​​ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਭਾਜਪਾ ਆਗੂ ਤਰੁਣ ਚੁੱਘ ਨੇ ਕੇਜਰੀਵਾਲ ’ਤੇ ਚੁੱਕੇ ਸਵਾਲ

Monday, May 08, 2023 - 06:44 PM (IST)

​​​​​​​ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਭਾਜਪਾ ਆਗੂ ਤਰੁਣ ਚੁੱਘ ਨੇ ਕੇਜਰੀਵਾਲ ’ਤੇ ਚੁੱਕੇ ਸਵਾਲ

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨੇ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਚੁੱਘ ਨੇ ਕਿਹਾ ਕਿ ਨਿਊਜ਼ ਕਵਰ ਕਰਨ ਆਈ 23 ਸਾਲਾ ਮਹਿਲਾ ਪੱਤਰਕਾਰ ਨੂੰ ਬਦਲੇ ਦੀ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੀ ਪੱਤਰਕਾਰ ਭਾਵਨਾ ਕਿਸ਼ੋਰ ਨੇ ਸਵਾਲ ਪੁੱਛ ਕੇ ਕੋਈ ਜੁਰਮ ਕੀਤਾ ਸੀ। ਕੇਜਰੀਵਾਲ ਦੇ ਸ਼ੀਸ਼ ਮਹਿਲ ਬਾਰੇ ਸਵਾਲ ਪੁੱਛਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਨਾਲ ਇੰਨੀ ਭੈੜੀ ਹਰਕਤ ਕਰਨ ਤੋਂ ਸਿੱਧ ਹੁੰਦਾ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ’ਚ ਅਣਐਲਾਨੀ ਐਮਰਜੈਂਸੀ ਲਗਾਈ ਹੋਈ ਹੈ, ਜਿਸ ਤਹਿਤ ਬਿਨਾਂ ਕਿਸੇ ਦੋਸ਼ ਦੇ ਛੋਟੇ-ਛੋਟੇ ਬੱਚਿਆਂ ਨੂੰ ਫੜ ਕੇ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੱਤਰਕਾਰ ਭਾਵਨਾ ਕਿਸ਼ੋਰ ਦੇ ਕੈਮਰਾਮੈਨ ਤੇ ਡਰਾਈਵਰ ਨੂੰ ਅਜੇ ਤੱਕ ਜੇਲ੍ਹ ’ਚ ਰੱਖਿਆ ਹੋਇਆ ਹੈ। ਉਨ੍ਹਾਂ ’ਤੇ ਬਿਨਾਂ ਕਿਸੇ ਨੋਟਿਸ ਦੇ ਐੱਸ. ਸੀ. ਐਕਟ ਰਾਤ ਭਰ ’ਚ ਬਣਾਇਆ ਗਿਆ। ਭਾਜਪਾ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਕੇਜਰੀਵਾਲ ਪ੍ਰੈੱਸ ਨੂੰ ਦਬਾਉਣਾ ਚਾਹੁੰਦੇ ਹਨ ਪਰ ਜਨਤਾ ਇਸ ਦਾ ਕਰਾਰਾ ਜਵਾਬ ਦੇਵੇਗੀ। 
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਪਾਸੇ ਦਿੱਲੀ ਦੀ ਜਨਤਾ ਜਦੋਂ ਕੋਰੋਨਾ ਨਾਲ ਬੈੱਡਾਂ ’ਤੇ ਆਕਸੀਜਨ ਲਈ ਤੜਫ ਰਹੀ ਸੀ, ਉਸੇ ਸਮੇਂ ਕੇਜਰੀਵਾਲ ਆਪਣੇ ਸ਼ੀਸ਼ ਮਹੱਲ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਸਨ। ਇਕ ਪਾਸੇ ਆਕਸੀਜਨ ਤੇ ਦਵਾਈਆਂ ਦੀ ਲੋੜ ਸੀ ਪਰ ਕੇਜਰੀਵਾਲ ਆਪਣੇ ਦੇਸ਼ ਦੇ ਲੋਕਾਂ ਦਾ 171 ਕਰੋੜ ਰੁਪਿਆ, ਜੋ ਗ਼ਰੀਬਾਂ ’ਤੇ ਖਰਚ ਹੋਣਾ ਸੀ, ਉਹ ਆਪਣੇ ਐਸ਼ੋ-ਆਰਾਮ ਤੇ ਠਾਠ ਨਾਲ ਰਹਿਣ ਵਾਸਤੇ ਸ਼ੀਸ਼ ਮਹਿਲ ’ਤੇ ਖਰਚ ਕਰ ਰਹੇ ਸਨ। ਉਸ ਸ਼ੀਸ਼ ਮਹਿਲ ਲਈ 22 ਅਫ਼ਸਰਾਂ ਦੇ ਫਲੈਟ ਦਾ ਤਬਾਦਲਾ ਕੀਤਾ ਗਿਆ। ਚੁੱਘ ਨੇ ਕਿਹਾ ਕਿ ਲੱਗਭਗ 171 ਕਰੋੜ ਰੁਪਏ ਸ਼ੀਸ਼ ਮਹਿਲ ਨੂੰ ਬਣਾਉਣ ’ਚ ਖਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਆਮ ਆਦਮੀ ਪਾਰਟੀ ਦਾ ਅਸਲੀ ਤੇ ਘਿਨੌਣਾ ਚਿਹਰਾ ਸਾਹਮਣੇ ਆਇਆ ਹੈ।


author

Manoj

Content Editor

Related News