ਭਾਜਪਾ ਦੇ 9 ਸਾਲਾ ਰਾਜ ਭਾਰਤ ਦੁਨੀਆ ਦੀ ਤਾਕਤ ਬਣ ਕੇ ਉੱਭਰਿਆ :  ਕੇਂਦਰੀ ਮੰਤਰੀ ਡਾ. ਮਾਂਡਵੀਆ

06/02/2023 12:34:35 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਕੇਂਦਰ ’ਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਕੇਂਦਰੀ ਮੰਤਰੀ ਡਾ. ਮਨਸੁੱਖ ਮਾਂਡਵੀਆ ਸਿਹਤ ਮੰਤਰੀ ਅਤੇ ਪਰਿਵਾਰ ਕਲਿਆਣ ਮੰਤਰੀ ਨੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਵਿਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ 9 ਸਾਲਾਂ ਦੇ ਰਾਜ ਦੌਰਾਨ ਭਾਰਤ ਦੁਨੀਆ ਦੀ ਤਾਕਤ ਬਣ ਕੇ ਉੱਭਰਿਆ ਹੈ। ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ 9 ਸਾਲਾਂ ਦੌਰਾਨ ਭਾਰਤ ਨੇ ਆਰਥਿਕ ਤੌਰ ’ਤੇ ਬਹੁਤ ਤਰੱਕੀ ਕੀਤੀ ਹੈ। ਮੋਦੀ ਸਰਕਾਰ ਆਉਣ ਤੋਂ ਪਹਿਲਾਂ ਭਾਰਤ ’ਤੇ ਬਹੁਤ ਜ਼ਿਆਦਾ ਕਰਜ਼ਾ ਸੀ, ਦੇਸ਼ ਕੋਲ ਜੋ ਸੋਨਾ ਸੀ, ਉਹ ਗਹਿਣੇ ਰੱਖਿਆ ਹੋਇਆ ਸੀ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਗਹਿਣੇ ਪਏ ਸੋਨੇ ਨੂੰ ਛੁਡਵਾਇਆ ਗਿਆ।

ਹੁਣ ਭਾਰਤ ਕੋਲ 8 ਗੁਣਾ ਵੱਧ ਸੋਨਾ ਹੈ ਅਤੇ ਖਰਬਾਂ ਰੁਪਏ ਦੀ ਕਰੰਸੀ ਭਾਰਤ ਕੋਲ ਪਈ ਹੈ। ਭਾਜਪਾ ਦੀ ਕੇਂਦਰ ਸਰਕਾਰ ਨੇ ਬਿਨਾਂ ਭੇਦਭਾਵ ਤੋਂ ਪੂਰੇ ਭਾਰਤ ਵਿਚ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਗਰੀਬਾਂ ਲਈ ਕੰਮ ਕੀਤਾ, ਪਹਿਲਾਂ ਭਾਰਤ ਵਿਚ 5 ਕਰੋੜ ਲੋਕਾਂ ਕੋਲ ਆਪਣਾ ਘਰ ਨਹੀਂ ਸੀ, ਆਪਣੇ 9 ਸਾਲਾਂ ਦੇ ਰਾਜ ਦੌਰਾਨ ਮੋਦੀ ਸਰਕਾਰ ਵੱਲੋਂ ਸਾਢੇ 3 ਕਰੋੜ ਲੋਕਾਂ ਨੂੰ ਘਰ ਦਿੱਤਾ ਗਿਆ। ਸਭ ਤੋਂ ਵੱਡੀ ਮਾਰ ਲੋਕਾਂ ਨੂੰ ਉਦੋਂ ਪੈਂਦੀ ਸੀ, ਜਦੋਂ ਕੋਈ ਘਰ ਦਾ ਵਿਅਕਤੀ ਬੀਮਾਰੀ ਹੋ ਜਾਂਦਾ ਤਾਂ ਗ਼ਰੀਬ ਲੋਕ ਕਰਜ਼ਾ ਚੁੱਕ ਕੇ ਆਪਣਾ ਇਲਾਜ ਕਰਵਾਉਂਦੇ ਸਨ। ਇਸ ਲਈ ਮੋਦੀ ਸਰਕਾਰ ਨੇ ਆਯੁਸ਼ਮਾਨ ਯੋਜਨਾ ਪੂਰੇ ਭਾਰਤ ’ਚ ਲਾਗੂ ਕੀਤੀ, ਜਿਸ ਦਾ ਕਰੋੜਾਂ ਲੋਕਾਂ ਨੇ ਲਾਭ ਲਿਆ। 12 ਕਰੋੜ ਪਰਿਵਾਰਾਂ ਨੇ ਇਹ ਸਕੀਮ ਦਾ ਲਾਭ ਲਿਆ। ਇਕ ਪਰਿਵਾਰ ਵਿਚ ਆਮ ਤੌਰ ’ਤੇ 5 ਪਰਿਵਾਰ ਦੇ ਮੈਂਬਰ ਹੁੰਦੇ ਹਨ। ਇਸ ਤਰ੍ਹਾਂ ਇਸ ਸਕੀਮ ਦਾ 60 ਕਰੋੜਾਂ ਲੋਕਾਂ ਨੂੰ ਲਾਭ ਹੋਇਆ। ਇਸ ਸਕੀਮ ਉੱਤੇ ਅਰਬਾਂ ਰੁਪਏ ਖਰਚ ਕੀਤੇ ਗਏ।

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪੂਰੇ ਦੇਸ਼ ’ਚ 97 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ’ਚ ਪਾਈ ਗਈ। ਜਦੋਂ ਕੋਵਿਡ ਦਾ ਸਮਾਂ ਸੀ, ਰੂਸ ਅਤੇ ਯੂਕਰੇਨ ਦਾ ਯੁੱਧ ਸ਼ੁਰੂ ਹੋ ਗਿਆ ਸੀ ਤਾਂ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਯੂਰੀਆ ਅਤੇ ਖਾਦ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਸਨ। ਇਕ ਬੋਰੀ 3500 ਰੁਪਏ ਨੂੰ ਵਿਕਦੀ ਸੀ ਪਰ ਮੋਦੀ ਸਰਕਾਰ ਨੇ ਕਿਸਾਨਾਂ ’ਤੇ ਬੋਝ ਨਹੀਂ ਪੈਣ ਦਿੱਤਾ। 3250 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਇਕ ਬੋਰੀ ਪਿੱਛੇ ਦਿੱਤੀ ਗਈ। ਕੋਰੋਨਾ ਦੇ ਸਮੇਂ ਭਾਰਤ ਨੇ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਦੇ ਲੋਕਾਂ ਨੂੰ ਫ੍ਰੀ ਵੈਕਸੀਨ ਲਗਾਈ। 140 ਕਰੋੜ ਲੋਕਾਂ ਨੂੰ ਵੈਕਸੀਨ ਕੀਤੀ ਗਈ, ਜੋ ਇਕ ਵਿਸ਼ਵ ਰਿਕਾਰਡ ਹੈ। ਫਿਰ ਭਾਰਤ ਦੀਆਂ ਔਰਤਾਂ ਖੁੱਲ੍ਹੇ ਆਸਮਾਨ ਹੇਠਾਂ ਜੰਗਲ-ਪਾਣੀ ਜਾਂਦੀਆਂ ਸਨ, ਇਨ੍ਹਾਂ ਔਰਤਾਂ ਦੀ ਸਮੱਸਿਆ ਨੂੰ ਦੇਖਦਿਆਂ ਦੇਸ਼ ਵਿਚ ਗ਼ਰੀਬਾਂ ਲੋਕਾਂ ਦੇ ਘਰਾਂ ’ਚ ਪਖਾਨੇ ਬਣਾਏ ਗਏ। ਔਰਤਾਂ ਦੀ ਸਮੱਸਿਆ ਨੂੰ ਦੇਖਦਿਆਂ ਲੋਕਾਂ ਨੂੰ ਫ੍ਰੀ ਗੈਸ ਦੇ ਕੁਨੈਕਸ਼ਨ ਵੀ ਦਿੱਤੇ ਗਏ, ਜੋ ਪਹਿਲਾਂ ਅਮੀਰਾਂ ਕੋਲ ਹੀ ਹੁੰਦੇ ਸਨ।

ਇਕ ਸਮਾਂ ਇਹ ਵੀ ਹੁੰਦਾ ਸੀ ਕਿ ਮੈਨੂੰ ਵੀ 20 ਸਾਲ ਪਹਿਲਾਂ ਸਿਫ਼ਾਰਿਸ਼ ਕਰਕੇ ਗੈਸ ਸਿਲੰਡਰ ਦਾ ਕੁਨੈਕਸ਼ਨ ਲੈਣਾ ਪਿਆ ਸੀ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਪੂਰੀ ਦੁਨੀਆ ’ਚ ਚੱਲ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਇਹ ਕਹਿੰਦੇ ਹਨ ਕਿ ਮੈਂ ਲਾਈਨ ਵਿਚ ਲੱਗ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਟੋਗ੍ਰਾਫ਼ ਲਵਾਂ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਬੌਸ ਕਹਿੰਦੇ ਹਨ, ਜੋ ਭਾਰਤ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਸੀਨੀਅਰ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ, ਸੋਮਨਾਥ ਸਹੌਰੀਆ, ਕੁਲਦੀਪ ਸਹੌਰੀਆ ਆਦਿ ਹਾਜ਼ਰ ਸਨ।


Manoj

Content Editor

Related News