ਭਵਾਨੀਗੜ੍ਹ ਵਿਖੇ ਫੀਕਾ ਰਿਹਾ ਦੁਸਹਿਰੇ ਦਾ ਤਿਉਹਾਰ

Saturday, Oct 20, 2018 - 11:19 AM (IST)

ਭਵਾਨੀਗੜ੍ਹ ਵਿਖੇ ਫੀਕਾ ਰਿਹਾ ਦੁਸਹਿਰੇ ਦਾ ਤਿਉਹਾਰ

ਭਵਾਨੀਗੜ੍ਹ(ਕਾਂਸਲ)— ਭਵਾਨੀਗੜ੍ਹ ਵਿਖੇ ਇਸ ਵਾਰ ਕਿਸੇ ਵੀ ਸੰਸਥਾ ਵੱਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਕਿਸੇ ਵੀ ਸਮਾਗਮ ਦਾ ਆਯੋਜਨ ਨਾ ਕੀਤੇ ਜਾਣ ਕਾਰਨ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਪਰਤ ਰਹੇ ਲੋਕਾਂ ਲਈ ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਪਾਰਕ ਵਿਖੇ ਕੀਤਾ ਗਿਆ ਸਾਦਾ ਸਮਾਗਮ ਹੀ ਮਨੋਰੰਜਨ ਦਾ ਸਰੋਤ ਬਣ ਗਿਆ ਅਤੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਆ ਗਈ। ਇਸ ਮੌਕੇ ਵਾਰਡ ਦੀ ਕੌਂਸਲਰ ਦੇ ਪੁੱਤਰ ਗੁਰਤੇਜ ਸਿੰਘ ਤੇਜੀ ਨੇ ਰਾਵਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤੀ।

ਸਥਾਨਕ ਸ਼ਹਿਰ ਵਿਖੇ ਇਸ ਵਾਰ ਦੁਸਹਿਰੇ ਦਾ ਤਿਉਹਾਰ ਮਹਿੰਗਾਈ ਦੀ ਮਾਰ ਕਾਰਨ ਕੁਝ ਫੀਕਾ ਹੀ ਨਜ਼ਰ ਆਇਆ। ਪਹਿਲਾਂ ਕਈ ਸੰਸਥਾਵਾਂ ਵੱਲੋਂ ਮਿਲ ਕੇ ਦੁਸਹਿਰੇ ਵਾਲੇ ਦਿਨ ਸਥਾਨਕ ਸਟੇਡੀਅਮ ਜਾਂ ਅਨਾਜ ਮੰਡੀ ਵਿਖੇ ਰੰਗਾ-ਰੰਗ ਪ੍ਰਗੋਰਾਮ ਦਾ ਆਯੋਜਨ ਕਰਕੇ, ਸ਼ਹਿਰ ਵਿਚ ਸ਼ੋਭਾ ਯਾਤਰਾ ਦੇ ਰੂਪ ਵਿਚ ਰਮਾਇਣ ਦੇ ਪਾਠ ਨਾਲ ਸਬੰਧਤ ਮੁੱਖ ਪਾਤਰਾਂ ਦੀਆਂ ਝਲਕੀਆਂ ਪੇਸ਼ ਕਰਕੇ ਅਤੇ ਰਾਵਨ ਦੇ ਪੁਤਲੇ ਸਾੜ ਕੇ ਇਹ ਤਿਉਹਾਰ ਜ਼ਰੂਰ ਮਨਾਇਆ ਜਾਂਦਾ ਸੀ ਪਰ ਇਸ ਵਾਰ ਸ਼ਹਿਰ ਵਿਚ ਕਿਸੇ ਵੀ ਸੰਸਥਾਂ ਵੱਲੋਂ ਦੁਸਹਿਰੇ ਦੇ ਤਿਉਹਾਰ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਨਹੀਂ ਕੀਤਾ ਗਿਆ। ਜਿਸ ਕਾਰਨ ਆਪਣੇ ਬੱਚਿਆਂ ਨੂੰ ਦੁਸਹਿਰੇ ਦਾ ਤਿਉਹਾਰ ਦਿਖਾਉਣ ਲਈ ਸਟੇਡੀਅਮ ਅਤੇ ਅਨਾਜ ਮੰਡੀ ਵਿਖੇ ਪਹੁੰਚ ਰਹੇ ਲੋਕ ਨਿਰਾਸ਼ ਹੋ ਕੇ ਘਰ ਵਾਪਸ ਪਰਤਦੇ ਦੇਖੇ ਗਏ। ਸੰਸਥਾਵਾਂ ਦਾ ਕਹਿਣਾ ਹੈ ਕਿ ਮੰਡੀ ਬਹੁਤ ਛੋਟੀ ਅਤੇ ਤਿਉਹਾਰ ਮਨਾਉਣ ਉਪਰ ਬਹੁਤ ਜ਼ਿਆਦਾ ਖਰਚ ਆਉਂਦਾ ਹੈ ਅਤੇ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਆਰਥਿਕ ਤੰਗੀ ਕਾਰਨ ਸ਼ਹਿਰ ਵਿਚ ਵੱਡੇ ਸਮਾਗਮਾਂ ਦਾ ਆਯੋਜਨ ਕਰਨਾ ਸੰਸਥਾਵਾਂ ਦੇ ਵੱਸ ਤੋਂ ਬਾਹਰ ਹੈ।


Related News